ਜਲੰਧਰ- ਥਾਣਾ ਬਸਤੀ ਬਾਵਾ ਖੇਲ੍ਹ ਦੀ ਪੁਲਸ ਦੇ ਥਾਣਾ ਇੰਚਾਰਜ ਅਫ਼ਸਰ ਮਨਜਿੰਦਰ ਸਿੰਘ ਦੀ ਅਗਵਾਈ ਹੇਠ ਚੋਰੀਆਂ ਕਰਨ ਵਾਲੇ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗਿਰੋਹ ਦੇ 5 ਮੈਂਬਰਾਂ ‘ਤੇ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਕਬਾਡੀਆ ਅਜੇ ਕੁਮਾਰ, ਅਨੁਰਾਗ, ਸੰਦੀਪ, ਪੰਕਜ ਅਤੇ ਸੁਮਿਤ ਦੇ ਰੂਪ ਵਿਚ ਹੋਈ ਹੈ। ਇਨ੍ਹਾਂ ਦੇ ਕੋਲੋਂ ਦੋ ਕੰਪ੍ਰੈਸ਼ਰ ਗੈਸ ਸਿਲੰਡਰ, ਵੱਡੀ ਬੈਟਰੀ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ।
ਪੁੱਛਗਿੱਛ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿਚੋਂ ਚੋਰੀ ਕੀਤੀਆਂ ਚੀਜ਼ਾਂ ਨੂੰ ਕਬਾੜ ਵਜੋਂ ਵੇਚਦੇ ਸਨ ਅਤੇ ਪੈਸੇ ਆਪਸ ਵਿੱਚ ਵੰਡ ਲੈਂਦੇ ਸਨ। ਥਾਣਾ ਇੰਚਾਰਜ ਮਨਜਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਲਿਆ ਜਾ ਰਿਹਾ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।