ਬਠਿੰਡਾ : ਅੱਜ ਦਿਨ ਚੜ੍ਹਦੇ ਹੀ ਬਠਿੰਡਾ ਦੇ ਪ੍ਰਤਾਪ ਨਗਰ ਵਿਖੇ ਐੱਨ. ਆਈ. ਏ. ਵੱਲੋਂ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਉਰਫ਼ ਸੰਨੀ ਜੋੜਾ ਦੇ ਘਰ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਐੱਨ. ਆਈ. ਏ. ਅਤੇ ਪੁਲਸ ਟੀਮ ਵੱਲੋਂ ਸਵੇਰੇ ਸਾਂਝੇ ਤੌਰ ‘ਤੇ ਕੀਤੀ ਗਈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਤੋਂ ਕਰੀਬ 4 ਘੰਟੇ ਪੁੱਛਗਿੱਛ ਵੀ ਕੀਤੀ ਗਈ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ 27 ਜਨਵਰੀ ਨੂੰ ਚੰਡੀਗੜ੍ਹ ਦਫ਼ਤਰ ਵਿਖੇ ਪੁੱਜਣ ਦੀ ਹਦਾਇਤ ਦਿੱਤੀ ਗਈ।
ਗੁਰਪ੍ਰੀਤ ਸਿੰਘ ਦੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਦਿਨ ਚੜ੍ਹਦੇ ਹੀ ਵੱਡੀ ਗਿਣਤੀ ‘ਚ ਐੱਨ. ਆਈ. ਏ. ਅਤੇ ਪੁਲਸ ਟੀਮ ਉਨ੍ਹਾਂ ਦੇ ਘਰ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਦੇ ਮੋਬਾਇਲ ਫੋਨ ਅਤੇ ਘਰ ਦੀ ਜਾਂਚ ਕੀਤੀ ਗਈ। ਕਰੀਬ 4 ਘੰਟਿਆਂ ਤੱਕ ਚੱਲੀ ਇਸ ਜਾਂਚ ਦੌਰਾਨ ਉਨ੍ਹਾਂ ਵੱਲੋਂ ਕੁੱਝ ਲੋਕਾਂ ਬਾਰੇ ਜਾਣਕਾਰੀ ਮੰਗੀ ਗਈ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਇੱਕ ਇੰਟਰਨੈਸ਼ਨਲ ਫੋਨ ਕਾਲ ਤੁਹਾਡੇ ਫੋਨ ‘ਤੇ ਆਈ ਸੀ। ਇਸ ਸਬੰਧੀ ਤੁਹਾਡੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਇਹ ਦੱਸਿਆ ਗਿਆ ਹੈ ਕਿ ਅਪਰਾਧਿਕ ਲੋਕਾਂ ਵੱਲੋਂ ਤੁਹਾਨੂੰ ਫੋਨ ਕੀਤਾ ਗਿਆ ਹੈ, ਜਿਸ ਸਬੰਧ ‘ਚ ਇਹ ਪੁੱਛਗਿੱਛ ਕੀਤੀ ਜਾ ਰਹੀ ਹੈ।
ਮਨਪ੍ਰੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਐੱਨ. ਆਈ. ਏ. ਦੀ ਟੀਮ ਵੱਲੋਂ ਉਨ੍ਹਾਂ ਨੂੰ ਚੰਡੀਗੜ੍ਹ ਦਫ਼ਤਰ ਬੁਲਾਇਆ ਗਿਆ ਹੈ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਗੁਰਪ੍ਰੀਤ ਸਿੰਘ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ। ਇਸ ਲਈ ਬਹੁਤ ਲੋਕ ਇੰਟਰਨੈਸ਼ਨਲ ਪੱਧਰ ‘ਤੇ ਕਾਲ ਕਰਦੇ ਰਹਿੰਦੇ ਹਨ ਪਰ ਐੱਨ. ਆਈ. ਏ. ਦੀ ਟੀਮ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਕਿਸ ਅਪਰਾਧਿਕ ਵਿਅਕਤੀ ਵੱਲੋਂ ਉਨ੍ਹਾਂ ਨੂੰ ਫੋਨ ਕੀਤਾ ਗਿਆ ਹੈ ਜਾਂ ਕੀ ਗੱਲਬਾਤ ਹੈ। ਇਸ ਸਬੰਧੀ ਹੁਣ ਚੰਡੀਗੜ੍ਹ ਦਫ਼ਤਰ ਵਿੱਚ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ।