ਵਿਨੀਪੈਗ – ਬੀਤੇ ਦਿਨੀਂ ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਭੇਤਭਰੀ ਹਾਲਤ ‘ਚ ਮੌਤ ਹੋ ਗਈ। ਉਹ ਸਟੱਡੀ ਵੀਜ਼ਾ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਜਿਸ ਦੀ ਪਛਾਣ ਸਤਪਾਲ ਸਿੰਘ ਵਜੋਂ ਹੋਈ ਹੈ। ਉਸ ਦੀ ਲਾਸ਼ ਵਿਨੀਪੈਗ ‘ਚ ਇਕ ਕਾਰ ‘ਚੋਂ ਮਿਲੀ। ਇਸ ਦੀ ਸੂਚਨਾ ਮਿਲਦੇ ਹੀ ਸਤਪਾਲ ਸਿੰਘ ਦੇ ਘਰ ‘ਚ ਸੋਗ ਦੀ ਲਹਿਰ ਦੌੜ ਗਈ। ਕੈਨੇਡਾ ਵਿਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਅਚਾਨਕ ਉਸ ਦੀ ਮੌਤ ਦੀ ਮੰਦਭਾਗੀ ਖ਼ਬਰ ਉਸ ਦੇ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ਦੇ ਉੱਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਪਰਿਵਾਰ ਨੇ ਸਤਪਾਲ ਸਿੰਘ ਦੀ ਲਾਸ਼ ਨੂੰ ਦੇਸ਼ ਵਾਪਸ ਲਿਆਉਣ ਲਈ ਭਾਰਤ ਸਰਕਾਰ ਤੋਂ ਮਦਦ ਦੀ ਵੀ ਮੰਗ ਕੀਤੀ ਹੈ।
ਮ੍ਰਿਤਕ ਸਤਪਾਲ ਸਿੰਘ ਦੀ ਉਮਰ 24 ਸਾਲ ਸੀ। ਉਸ ਦਾ ਪਿਛੋਕੜ ਤਰਨਤਾਰਨ ਦੇ ਪਿੰਡ ਪੰਡੋਰੀ ਰਣ ਸਿੰਘ ਤੋਂ ਸੀ। ਉਸ ਦੀ ਮਾਂ ਨੇ ਸਖ਼ਤ ਮਿਹਨਤ ਕਰਕੇ ਉਸ ਨੂੰ ਕੈਨੇਡਾ ਪੜ੍ਹਨ ਲਈ ਭੇਜਿਆ। ਬੇਟੇ ਦੀ ਭੇਤਭਰੀ ਹਾਲਤ ‘ਚ ਹੋਈ ਮੌਤ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਹੈ। ਪਰਿਵਾਰ ਕੋਲ ਫਿਲਹਾਲ ਸਤਪਾਲ ਸਿੰਘ ਦੀ ਲਾਸ਼ ਭਾਰਤ ਲਿਆਉਣ ਲਈ ਪੈਸੇ ਨਹੀਂ ਹਨ। ਇਸ ਲਈ ਉਨ੍ਹਾਂ ਨੇ ਭਾਰਤ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਪਰਿਵਾਰ ਨੇ ਆਪਣੇ ਪੁੱਤਰ ਦਾ ਸਸਕਾਰ ਕਰਨ ਦੀ ਇੱਛਾ ਪ੍ਰਗਟਾਈ ਹੈ।
24 ਸਾਲਾ ਸਤਪਾਲ ਸਿੰਘ ਦੇ ਪਿਤਾ ਦੀ ਮੌਤ ਉਦੋਂ ਹੋ ਗਈ ਸੀ ਜਦੋਂ ਉਹ ਜਵਾਨ ਸੀ। ਉਸ ਦੇ ਪਰਿਵਾਰ ਵਿਚ ਉਸ ਦੀ ਮਾਂ ਘਰ ਵਿਚ ਇਕੱਲੀ ਸੀ। ਉਸ ਦੀ ਦੇਖ-ਭਾਲ ਕਰ ਕੇ ਪੁੱਤਰ ਵਧੀਆ ਭਵਿੱਖ ਬਣਾਉਣ ਲਈ ਕੈਨੇਡਾ ਚਲਾ ਗਿਆ ਸੀ। ਕੈਨੇਡਾ ਵਿਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਆਪਣਾ ਕੈਰੀਅਰ ਸਥਾਪਤ ਕੀਤਾ। ਉਹ ਢਾਈ ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਹ ਵਿਨੀਪੈਗ ਵਿਚ ਰਹਿੰਦਾ ਸੀ ਅਤੇ ਉੱਥੇ ਪਾਰਟ-ਟਾਈਮ ਕੰਮ ਕਰਦਾ ਸੀ।