ਨਵੀਂ ਦਿੱਲੀ : RG ਕਰ ਜਬਰ-ਜ਼ਨਾਹ ਅਤੇ ਹੱਤਿਆ ਮਾਮਲੇ ਵਿਚ ਸੀ. ਬੀ. ਆਈ. ਹਾਈ ਕੋਰਟ ਵਿਚ ਸੰਜੇ ਰਾਏ ਲਈ ਮੌਤ ਦੀ ਸਜ਼ਾ ਦੀ ਬੇਨਤੀ ਕਰੇਗੀ। ਸੰਜੇ ਰਾਏ ਨੂੰ ਸਿਆਲਦਹ ਦੀ ਇਕ ਸੁਬਾਰਡੀਨੇਟ ਅਦਾਲਤ ਨੇ ਇਸ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਸਬੰਧ ਵਿਚ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸੀ. ਬੀ. ਆਈ. ਨੂੰ ਕਾਨੂੰਨੀ ਸਲਾਹ ਮਿਲੀ ਹੈ ਕਿ ਇਸ ਮਾਮਲੇ ਨੂੰ ਕਮਜ਼ੋਰ ਸ਼੍ਰੇਣੀ ਵਿਚ ਰੱਖਿਆ ਜਾ ਸਕਦਾ ਹੈ ਅਤੇ ਮੁਲਜ਼ਮ ਲਈ ਮੌਤ ਦੀ ਸਜ਼ਾ ਢੁੱਕਵੀਂ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸੀ. ਬੀ. ਆਈ. ਵਲੋਂ ਸ਼ੁੱਕਰਵਾਰ ਤੱਕ ਸਿਆਲਦਹ ਅਦਾਲਤ ਦੇ ਹੁਕਮ ਖ਼ਿਲਾਫ਼ ਮੌਤ ਦੀ ਸਜ਼ਾ ਦੇ ਪੱਖ ਵਿਚ ਵਿਸਥਾਰਤ ਦਲੀਲਾਂ ਨਾਲ ਅਪੀਲ ਦਾਇਰ ਕੀਤੇ ਜਾਣ ਦੀ ਸੰਭਾਵਨਾ ਹੈ। ਰਾਏ ਲਈ ਸੀ. ਬੀ. ਆਈ. ਵਲੋਂ ਕੀਤੀ ਗਈ ਮੌਤ ਦੀ ਸਜ਼ਾ ਦੀ ਬੇਨਤੀ ਨੂੰ ਸੁਬਾਰਡੀਨੇਟ ਅਦਾਲਤ ਨੇ ਖਾਰਿਜ ਕਰ ਦਿੱਤਾ ਸੀ। ਓਧਰ ਕਲਕੱਤਾ ਹਾਈ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਹੇਠਲੀ ਅਦਾਲਤ ਵਲੋਂ ਸੁਣਾਈ ਗਈ ਸਜ਼ਾ ਨੂੰ ਗੈਰ-ਲੋੜੀਂਦੀ ਦੱਸਣ ਵਾਲੀ ਪੱਛਮੀ ਬੰਗਾਲ ਸਰਕਾਰ ਦੀ ਅਪੀਲ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਸੀ. ਬੀ. ਆਈ., ਪੀੜਤਾ ਦੇ ਪਰਿਵਾਰ ਅਤੇ ਦੋਸ਼ੀ ਦਾ ਪੱਖ ਸੁਣੇਗੀ। ਹਾਈ ਕੋਰਟ ਨੇ ਕਿਹਾ ਕਿ ਉਹ 27 ਜਨਵਰੀ ਨੂੰ ਮਾਮਲੇ ਦੀ ਸੁਣਵਾਈ ਕਰੇਗਾ।