ਸਪੋਰਟਸ ਡੈਸਕ : ਭਾਰਤੀ ਕ੍ਰਿਕਟਰਾਂ ਦੇ ਰਿਸ਼ਤੇ ਟੁੱਟਣ ਦਾ ਤਾਂ ਜਿਵੇਂ ਨਵਾਂ ਹੀ ਸਿਲਸਿਲਾ ਸ਼ੁਰੂ ਹੋ ਗਿਆ ਹੈ। ਪਹਿਲਾਂ ਜਿੱਥੇ ਸ਼ਿਖਰ ਧਵਨ, ਮੁਹੰਮਦ ਸ਼ੰਮੀ ਤੇ ਹਾਰਦਿਕ ਪੰਡਯਾ ਆਪਣੀਆਂ ਪਤਨੀਆਂ ਤੋਂ ਵੱਖ ਹੋ ਚੁੱਕੇ ਹਨ, ਉੱਥੇ ਹੀ ਯੁਜਵੇਂਦਰ ਚਾਹਲ ਤੇ ਧਨਸ਼੍ਰੀ ਦੇ ਨਾਲ-ਨਾਲ ਮਨੀਸ਼ ਪਾਂਡੇ ਦਾ ਵੀ ਆਪਣੀ ਪਤਨੀ ਨਾਲ ਤਲਾਕ ਨੂੰ ਲੈ ਕੇ ਚਰਚਾਵਾਂ ਛਿੜੀਆਂ ਹੋਈਆਂ ਹਨ।
ਇਸੇ ਦੌਰਾਨ ਭਾਰਤ ਦੇ ਮਹਾਨ ਖਿਡਾਰੀ ਵਰਿੰਦਰ ਸਹਿਵਾਗ ਅਤੇ ਉਨ੍ਹਾਂ ਦੀ ਪਤਨੀ ਆਰਤੀ ਅਹਿਲਾਵਤ ਦੇ ਵੀ 20 ਸਾਲਾਂ ਦੇ ਖ਼ੂਬਸੂਰਤ ਰਿਸ਼ਤੇ ਤੋਂ ਬਾਅਦ ਵੱਖ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਸਾਲ 2004 ਵਿੱਚ ਵਿਆਹ ਕਰਵਾਉਣ ਵਾਲੇ ਇਸ ਜੋੜੇ ਨੇ ਇੰਸਟਾਗ੍ਰਾਮ ‘ਤੇ ਇੱਕ ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ।
ਪਰਿਵਾਰ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਕਈ ਮਹੀਨਿਆਂ ਤੋਂ ਵੱਖ ਰਹਿ ਰਹੇ ਹਨ ਅਤੇ ਦੋਵਾਂ ਦੇ ਤਲਾਕ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਵਰਿੰਦਰ ਅਤੇ ਆਰਤੀ ਦੇ ਇਸ ਵਿਆਹ ਤੋਂ ਦੋ ਪੁੱਤਰ ਹਨ। ਵੱਡੇ ਪੁੱਤਰ ਆਰਿਆਵੀਰ ਦਾ ਜਨਮ 2007 ਵਿੱਚ ਹੋਇਆ ਸੀ, ਜਦਕਿ ਵੇਦਾਂਤ ਨੇ ਸਾਲ 2010 ‘ਚ ਜਨਮ ਲਿਆ ਸੀ।ਬੀਤੇ ਸਾਲ ਦੀਵਾਲੀ ਦੇ ਤਿਉਹਾਰ ਦੌਰਾਨ ਸਹਿਵਾਗ ਨੇ ਆਪਣੇ ਪੁੱਤਰਾਂ ਅਤੇ ਆਪਣੀ ਮਾਂ ਨਾਲ ਦੀਵਾਲੀ ਮਨਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਸਨ ਪਰ ਉਨ੍ਹਾਂ ਵਿੱਚ ਆਰਤੀ ਸ਼ਾਮਲ ਨਹੀਂ ਸੀ।