ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਆਦੇਸ਼ਾਂ ‘ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਲੁਧਿਆਣਾ ਦੇ ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਅਤੇ ਸਕੂਲ ਦੇ ਕੈਂਪਸ ਮੈਨੇਜਰ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਵਿਭਾਗ ਵੱਲੋਂ ਇਨ੍ਹਾਂ ਖਿਲਾਫ ਇਹ ਸਖ਼ਤ ਕਾਰਵਾਈ ਸਕੂਲ ਵਿਚ ਲੇਟ ਆਉਣ ਵਾਲੇ ਵਿਦਿਆਰਥੀਆਂ ਨੂੰ ਗ਼ੈਰ-ਵਾਜਬ ਤੇ ਸਰੀਰਕ ਸਜ਼ਾ ਦੇਣ ਕਾਰਨ ਕੀਤੀ ਗਈ ਹੈ।
ਹਰਜੋਤ ਬੈਂਸ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਨਗਰ, ਸਕੂਲ ਆਫ਼ ਐਮੀਨੈਂਸ (ਲੜਕੇ), ਲੁਧਿਆਣਾ ਦੇ ਪ੍ਰਿੰਸੀਪਲ ਅਤੇ ਕੈਂਪਸ ਮੈਨੇਜਰ ਨੇ ਸਕੂਲ ਵਿਚ ਦੇਰ ਨਾਲ ਆਉਣ ਵਾਲੇ ਵਿਦਿਆਰਥੀਆਂ ਤੋਂ ਸਜ਼ਾ ਵਜੋਂ ਰੇਤਾ ਅਤੇ ਬੱਜਰੀ ਚੁਕਵਾਈ ਗਈ ਸੀ। ਇਸ ਲਈ ਸਕੂਲ ਦੇ ਪ੍ਰਿੰਸੀਪਲ ਨੂੰ ਤਾਂ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ ਕੈਂਪਸ ਮੈਨੇਜਰ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।