ਜਲੰਧਰ- ਪੰਜਾਬ ਦੇ ਵਾਹਨ ਚਾਲਕਾਂ ਲਈ ਇਹ ਬਹੁਤ ਹੀ ਅਹਿਮ ਖ਼ਬਰ ਹੈ ਕਿ ਅੱਜ, ਭਾਵ 26 ਜਨਵਰੀ ਤੋਂ ਚੰਡੀਗੜ੍ਹ ਦੀ ਤਰਜ਼ ‘ਤੇ ਪੰਜਾਬ ਦੇ 4 ਜ਼ਿਲ੍ਹੇ- ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਮੋਹਾਲੀ ‘ਚ ਆਨਲਾਈਨ ਚਲਾਨ ਕੱਟੇ ਜਾਣਗੇ।
ਜ਼ਿਕਰਯੋਗ ਹੈ ਕਿ ਇਨ੍ਹਾਂ ਸ਼ਹਿਰਾਂ ਦੇ ਟ੍ਰੈਫ਼ਿਕ ਸਿਗਨਲਾਂ ‘ਤੇ ਪੀ.ਟੀ.ਜ਼ੈੱਡ., ਏ.ਐੱਨ.ਪੀ.ਆਰ. ਤੇ ਬੁਲੇਟ ਕੈਮਰੇ ਲਗਾ ਦਿੱਤੇ ਗਏ ਹਨ, ਜਿਨ੍ਹਾਂ ਰਾਹੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣਗੇ। ਇਸ ਪ੍ਰਕਿਰਿਆ ਦਾ ਟ੍ਰਾਇਲ ਦਸੰਬਰ ਤੇ ਜਨਵਰੀ ਮਹੀਨੇ ਦੌਰਾਨ ਕੀਤਾ ਜਾ ਚੁੱਕਾ ਹੈ। ਹੁਣ 26 ਜਨਵਰੀ ਤੋਂ ਇਸ ਪ੍ਰਕਿਰਿਆ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਜਾਵੇਗਾ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦਾ ਈ-ਚਲਾਨ ਕਰ ਕੇ ਉਨ੍ਹਾਂ ਦੇ ਪਤੇ ‘ਤੇ ਚਲਾਨ ਭੇਜ ਦਿੱਤਾ ਜਾਵੇਗਾ। ਇਸ ਪ੍ਰਕਿਰਿਆ ‘ਚ ਕੈਮਰਿਆਂ ਰਾਹੀਂ ਸਿਗਨਲ ਜੰਪ ਕਰਨ, ਸਟਾਪ ਲਾਈਨ ਦੀ ਉਲੰਘਣਾ ਕਰਨ, ਹੈਲਮੇਟ ਨਾ ਪਾਉਣ ਵਾਲੇ ਵਾਹਨ ਚਾਲਕਾਂ ਦੇ ਈ-ਚਲਾਨ ਕੱਟੇ ਜਾਣਗੇ। ਇਹ ਚਲਾਨ ਆਨਲਾਈਨ ਕੱਟਿਆ ਜਾਵੇਗਾ ਤੇ ਵਾਹਨ ਦੇ ਰਜਿਸਟਰਡ ਮਾਲਕ ਦੇ ਪਤੇ ‘ਤੇ ਪਹੁੰਚਾ ਦਿੱਤਾ ਜਾਵੇਗਾ, ਜਿਸ ਦਾ ਭੁਗਤਾਨ ਵੀ ਆਨਲਾਈਨ ਕਰਨਾ ਪਵੇਗਾ। ਜੇਕਰ ਚਲਾਨ ਕੱਟੇ ਜਾਣ ਮਗਰੋਂ ਇਸ ਦਾ ਭੁਗਤਾਨ ਨਹੀਂ ਕੀਤਾ ਗਿਆ ਤਾਂ ਵਾਹਨ ਦੀ RC ਆਨਲਾਈਨ ਪੋਰਟਲ ‘ਤੇ ਲੌਕ ਕਰ ਦਿੱਤੀ ਜਾਵੇਗੀ, ਜਿਸ ਕਾਰਨ ਭਵਿੱਖ ‘ਚ ਇਸ ਆਰ.ਸੀ. ਨੂੰ ਆਰ.ਟੀ.ਓ. ਆਫ਼ਿਸ ‘ਚ ਟ੍ਰਾਂਸਫਰ ਜਾਂ ਰੀਨਿਊ ਆਦਿ ਨਹੀਂ ਕਰਵਾਇਆ ਜਾ ਸਕੇਗਾ। ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਸ ਪ੍ਰਕਿਰਿਆ ਨੂੰ ਭਵਿੱਖ ‘ਚ ਸੂਬੇ ਦੇ ਬਾਕੀ ਜ਼ਿਲ੍ਹਿਆਂ ‘ਚ ਵੀ ਲਾਗੂ ਕੀਤਾ ਜਾਵੇਗਾ।