ਸ੍ਰੀ ਮੁਕਤਸਰ ਸਾਹਿਬ/ਫਾਜ਼ਿਲਕਾ, 22 ਮਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਸਸਤੇ ਤਮਾਸ਼ਿਆਂ ਤੋਂ ਇਲਾਵਾ ਪੰਜਾਬ ਨੂੰ ਕੁਝ ਨਹੀਂ ਦੇ ਸਕਦਾ ਤੇ ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨਿਕੰਮੇ ਮੁੱਖ ਮੰਤਰੀ ਨੂੰ ਸਬਕ ਸਿਖਾਉਣ ਲਈ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਨੂੰ ਮੁਕੰਮਲ ਤੌਰ ’ਤੇ ਠੁਕਰਾ ਦੇਣ।ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਅਬੋਹਰ, ਬੱਲੂਆਣਾ, ਮਲੌਟ ਤੇ ਸ੍ਰੀ ਮੁਕਤਸਰ ਸਾਹਿਬ ਵਿਚ ਮੀਟਿੰਗਾਂ ਕੀਤੀਆਂ, ਨੇ ਕਿਹਾ ਕਿ ਹਾਲਾਤ ਅਜਿਹੇ ਹਨ ਕਿ ਲੋਕਾਂ ਨੇ ਹੁਣ ਵੇਖ ਲਿਆ ਹੈ ਕਿ ਭਗਵੰਤ ਮਾਨ ਸਿਰਫ ਤਮਾਸ਼ੇ ਕਰ ਸਕਦਾ ਹੈ ਤੇ ਉਹ ਆਪਣੀ ਕਾਰਗੁਜ਼ਾਰੀ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਤਮਾਸ਼ੇ ਹੀ ਕਰ ਰਿਹਾ ਹੈ। ਉਹਨਾਂ ਕਿਹਾਕਿ ਜਦੋਂ ਕਿਸੇ ਕੋਲ ਕਾਰਗੁਜ਼ਾਰੀ ਦੇ ਨਾਂ ’ਤੇ ਵਿਖਾਉਣ ਵਾਸਤੇ ਕੁਝ ਨਾ ਹੋਵੇ ਤਾਂ ਉਹ ਅਜਿਹੀਆਂ ਘਟੀਆ ਹਰਕਤਾਂ ਕਰਦਾ ਹੈ ਜਿਵੇਂ ਹੁਣ ਮੁੱਖ ਮੰਤਰੀ ਕਰ ਰਿਹਾ ਹੈ।
ਭਗਵੰਤ ਮਾਨ ਨੂੰ ਪਿਛਲੇ ਦੋ ਸਾਲਾਂ ਦੀ ਇਕ ਵੀ ਪ੍ਰਾਪਤੀ ਗਿਣਵਾਉਣ ਦੀ ਚੁਣੌਤੀ ਦਿੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਇਹੀ ਸਵਾਲ 8 ਤੋਂ 9 ਸਾਲ ਪਹਿਲਾਂ ਕਾਂਗਰਸ ਤੋਂ ਪੁੱਛਿਆ ਸੀ। ਉਸ ਵੇਲੇ ਕਾਂਗਰਸ ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਕਾਂਗਰਸ ਨੇ ਸੜਕਾਂ ਨੇ ਕੈਚ ਲਗਾਏ ਹਨ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਤਾਂ ਪੈਚ ਵੀ ਨਹੀਂ ਲਗਾਏ।
ਸਰਦਾਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਹਰ ਪੱਖ ਤੋਂ ਸੂਬੇ ਦੇ ਹੇਠਾਂ ਆਉਣ ਦੀ ਪ੍ਰਧਾਨਗੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਪਰ ਉਸ ਕੋਲ ਵਿਖਾਉਣ ਵਾਸਤੇ ਕੁਝ ਨਹੀਂ ਹੈ ਸਿਵਾਏ ਕਿ ਅਰਵਿੰਦ ਕੇਜਰੀਵਾਲ ਵਾਸਤੇ ਕਿਰਾਏ ’ਤੇ ਲਏ ਸਪੈਸ਼ਲ ਜੈਟ ਦਾ ਕਿਰਾਇਆ ਭਰਨ ਦੇ ਅਤੇ ਉਹਨਾਂ ਨੂੰ ਦੇਸ਼ ਪਰ ਵਿਚ ਆਪ ਦੇ ਚੋਣ ਪ੍ਰਚਾਰ ਵਾਸਤੇ ਲੈ ਕੇ ਜਾਣ ਦੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਮਾਜ ਦੇ ਸਾਰੇ ਵਰਗ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਸਰਕਾਰੀ ਨੌਕਰੀਆਂ ਬਾਹਰਲਿਆਂ ਨੂੰ ਦੇ ਦਿੱਤੀਆਂ ਗਈਆਂ। ਸ਼ਗਨ ਸਕੀਮ, ਐਸ ਸੀ ਸਕਾਲਰਸ਼ਿਪ ਸਕੀਮ ਤੇ ਲੜਕੀਆਂ ਲਈ ਮੁਫਤ ਸਾਈਕਲ ਸਕੀਮ ਬੰਦ ਕਰ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਦੂਜੇ ਪਾਸੇ ਸੂਬੇ ਗੈਂਗਸਟਰਾਂ ਤੇ ਨਸ਼ਾ ਮਾਫੀਆ ਦਾ ਰਾਜ ਹੈ। ਇਹੀ ਕਾਰਣ ਹੈ ਕਿ ਪੰਜਾਬ ਵਿਚ ਨਿਵੇਸ਼ ਨਹੀਂ ਹੋ ਰਿਹਾ ਤੇ ਬੇਰੋਜ਼ਗਾਰੀ ਵੱਧ ਰਹੀ ਹੈ।
ਅਬੋਹਰ ਵਿਚ ਕੀਤੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਬਾਦਲ ਸਰਕਾਰ ਨੇ ਖੇਤਰ ਵਿਚ ਸਾਰੇ ਸੀਵਰੇਜ ਤੇ ਜਲ ਸਪਲਾਈ ਕੰਮਾਂ ਦੀ ਉਸਾਰੀ ਤੇ ਰੱਖ ਰੱਖਾਅ ਦਾ ਠੇਕਾ ਇਕ ਨਾਮੀ ਕੰਪਨੀ ਨੂੰ ਦਿੱਤਾ ਸੀ ਪਰ ਅਗਲੀ ਕਾਂਗਰਸ ਸਰਕਾਰ ਨੇ ਇਸ ਪ੍ਰਾਜੈਕਟ ’ਤੇ ਬਰੇਕਾਂ ਲਗਵਾ ਦਿੱਤੀਆਂ ਜਿਸ ਕਾਰਣ ਇਸ ਸ਼ਹਿਰ ਦੇ ਆਮ ਨਾਗਰਿਕਾਂ ਨੂੰ ਮੁਸ਼ਕਿਲਾਂ ਝੱਲਣੀਆਂ ਪਈਆਂ। ਉਹਨਾਂ ਨੇ ਇਹਵੀ ਦੱਸਿਆ ਕਿ ਆਪ ਸਰਕਾਰ ਨੇ ਕਿਵੇਂ ਝੱਖਣ ਚੱਲਣ ਕਾਰਣ ਇਲਾਕੇ ਦੇ ਕਿੰਨੂ ਬਾਗ ਉਜੜ ਜਾਣ ਤੇ ਬੱਲੂਆਣਾ ਵਿਚ ਹੜ੍ਹ ਆਉਣ ਦੌਰਾਨ ਅਬੋਹਰ ਨੂੰ ਪੂਰੀ ਤਰ੍ਹਾਂ ਅਣਡਿੱਠ ਕੀਤਾ। ਉਹਨਾਂ ਕਿਹਾ ਕਿ ਇਹ ਸਿਰਫ ਅਕਾਲੀ ਦਲ ਦੇ ਵਾਲੰਟੀਅਰ ਸਨ ਜੋ ਤੁਹਾਡੇ ਦਰਾਂ ’ਤੇ ਪਹੁੰਚੇ ਅਤੇ ਤੁਹਾਡੇ ਲਈ ਹਰ ਸੰਭਵ ਕੰਮ ਕੀਤਾ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਮਲੋਟ ਤੇ ਸ੍ਰੀ ਮੁਕਤਸਰ ਸਾਹਿਬ ਇਲਾਕਿਆਂ ਵਿਚ ਸਿੰਜਾਈ ਸਹੂਲਤਾਂ ਦਿੱਤੀਆਂ। ਉਹਨਾਂ ਕਿਹਾ ਕਿ ਅਸੀਂ ਸਿੰਜਾਈ ਲਈ ਅੰਡਰ ਗਰਾਊਂਡ ਪਾਈਪਾਂ ਪਾਈਆਂ ਤਾਂ ਜੋ ਇਸ ਇਲਾਕੇ ਵਿਚ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਇਸ ਇਲਾਕੇ ਵਿਚ ਕੋਈ ਵਿਕਾਸ ਨਹੀਂ ਕੀਤਾ ਗਿਆ ਤੇ ਹੁਣ ਕਿਸਾਨ ਸਿੰਜਾਈ ਚੈਨਲਾਂ ਵਿਚੋਂ ਪਾਈਪ ਪੁੱਟਣ ਲਈ ਮਜਬੂਰ ਹਨ।
ਇਸ ਮੌਕੇ ਸੀਨੀਅਰ ਆਗੂ ਹਰਬਿੰਦਰ ਸਿੰਘ ਹੈਰੀ, ਗੁਰਤੇਜ ਸਿੰਘ ਘੁੜਿਆਣਾ, ਹਰਪ੍ਰੀਤ ਸਿੰਘ, ਕੰਵਰਜੀਤ ਸਿੰਘ ਰੋਜ਼ੀ ਅਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਬਰਕੰਦੀ ਵੀ ਮੀਟਿੰਗਾਂ ਨੂੰ ਸੰਬੋਧਨ ਕੀਤਾ।