ਲੁਧਿਆਣਾ : ਬੀਤੇ ਦਿਨੀਂ ਏ. ਡੀ. ਜੀ. ਪੀ. ਟ੍ਰੈਫਿਕ ਏ. ਐੱਸ. ਰਾਏ ਵਲੋਂ ਕਿਹਾ ਗਿਆ ਸੀ ਕਿ 26 ਜਨਵਰੀ ਤੋਂ ਸੂਬੇ ਦੇ 4 ਸ਼ਹਿਰਾਂ ਮੋਹਾਲੀ, ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ’ਚ ਟ੍ਰੈਫਿਕ ਨਿਯਮ ਨਾ ਮੰਨਣ ਵਾਲਿਆਂ ਦੇ ਈ-ਚਲਾਨ ਸ਼ੁਰੂ ਕਰ ਦਿੱਤੇ ਜਾਣਗੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਜਨਤਾ ਇਸ ਨੂੰ ਸਹੀ ਮੰਨ ਕੇ ਨਿਯਮਾਂ ’ਤੇ ਅਮਲ ਕਰਨਾ ਸ਼ੁਰੂ ਕਰ ਦੇਵੇਗੀ ਤਾਂ ਇਸ ਵਿਚ ਕੋਈ ਹਰਜ਼ ਨਹੀਂ ਹੈ।
ਦੱਸ ਦੇਈਏ ਕਿ ਲੁਧਿਆਣਾ ’ਚ ਸਾਲ 2019 ਵਿਚ ਈ-ਚਲਾਨ ਸ਼ੁਰੂ ਕੀਤੇ ਸਨ, ਜਿਨ੍ਹਾਂ ’ਚ ਕੁੱਲ 6 ਚੌਕਾਂ ਨੂੰ ਕਵਰ ਕੀਤਾ ਗਿਆ ਸੀ ਪਰ ਕਈ ਚੌਕਾਂ ’ਚ ਨਿਰਮਾਣ ਕਾਰਜ ਸ਼ੁਰੂ ਹੋਣ ਅਤੇ ਕੁਝ ਤਕਨੀਕੀ ਕਮੀ ਆ ਜਾਣ ਕਾਰਨ ਈ-ਚਲਾਨ ਪਿਛਲੇ ਕੁਝ ਸਾਲਾਂ ਤੋਂ ਬੰਦ ਪਏ ਸਨ। ਕੁਝ ਮਹੀਨੇ ਪਹਿਲਾਂ ਚੰਡੀਗੜ੍ਹ ਹੈੱਡ ਆਫਿਸ ਤੋਂ ਨਿਰਦੇਸ਼ ਮਿਲਣ ਤੋਂ ਬਾਅਦ ਟ੍ਰੈਫਿਕ ਪੁਲਸ ਵਲੋਂ ਬੀਤੇ ਦਸੰਬਰ ਮਹੀਨੇ ਤੋਂ ਈ-ਚਲਾਨ ਦਾ ਟ੍ਰਾਇਲ ਇਕ ਵਾਰ ਫਿਰ ਸ਼ੁਰੂ ਕਰ ਦਿੱਤਾ ਗਿਆ ਸੀ। ਦਸੰਬਰ ਅਤੇ ਜਨਵਰੀ ਵਿਚ ਹੀ 450 ਤੋਂ ਵੱਧ ਲੋਕਾਂ ਦੇ ਈ-ਚਲਾਨ ਜਾਰੀ ਕੀਤੇ ਜਾ ਚੁੱਕੇ ਹਨ।
ਈ-ਚਲਾਨ ਦਾ ਭੁਗਤਾਨ ਲੋਕਾਂ ਨੂੰ ਆਨਲਾਈਨ ਤਰੀਕੇ ਨਾਲ ਕਰਨਾ ਪਵੇਗਾ। ਜੇਕਰ ਲੋਕਾਂ ਨੇ ਈ-ਚਲਾਨ ਦਾ ਆਨਲਾਈਨ ਭੁਗਤਾਨ ਨਾ ਕੀਤਾ ਤਾਂ ਉਨ੍ਹਾਂ ਦੀ ਆਰ. ਸੀ. ਟ੍ਰਾਂਸਪੋਰਟ ਵਿਭਾਗ ਦੇ ਪੋਰਟਲ ’ਤੇ ਲਾਕ ਵੀ ਹੋ ਸਕਦੀ ਹੈ, ਜਿਸ ਤੋਂ ਬਾਅਦ ਵਾਹਨ ਨਾਲ ਸਬੰਧਤ ਕੋਈ ਹੋਰ ਐਂਟਰੀ ਜਿਵੇਂ ਨਾਮ ਤਬਦੀਲ, ਲੋਨ ਕਟਵਾਉਣਾ ਆਦਿ ਨਹੀਂ ਹੋ ਸਕਣਗੇ।