ਰੋਹਤਕ- ਸਿਰਸਾ ਡੇਰਾ ਮੁਖੀ ਰਾਮ ਰਹੀਮ ਨੂੰ ਮੁੜ ਪੈਰੋਲ ਮਿਲ ਗਈ ਹੈ। ਉਹ ਅੱਜ ਯਾਨੀ ਮੰਗਲਵਾਰ ਸਵੇਰੇ ਜੇਲ੍ਹ ਤੋਂ ਬਾਹਰ ਆ ਗਿਆ। ਹਨੀਪ੍ਰੀਤ ਖੁਦ ਡੇਰੇ ਦੀਆਂ 2 ਗੱਡੀਆਂ ਲੈ ਕੇ ਰਾਮ ਰਹੀਮ ਨੂੰ ਜੇਲ੍ਹ ਤੋਂ ਲੈਣ ਪਹੁੰਚੀ। ਮਿਲੀ ਜਾਣਕਾਰੀ ਅਨੁਸਾਰ, ਸਿਰਸਾ ਡੇਰਾ ਮੁਖੀ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ ਹੈ। ਇਸ ਦੌਰਾਨ ਰਾਮ ਰਹੀਮ 10 ਦਿਨ ਤੱਕ ਸਿਰਸਾ ਡੇਰੇ ‘ਚ ਰਹੇਗਾ, ਉਸ ਤੋਂ ਬਾਅਦ ਸਿੱਧਾ ਬਾਗਪਤ ਦੇ ਬਰਨਾਵਾ ਆਸ਼ਰਮ ਜਾਵੇਗਾ ਅਤੇ ਉੱਥੇ 20 ਦਿਨ ਤੱਕ ਰਹੇਗਾ। 8 ਸਾਲਾਂ ‘ਚ ਪਹਿਲੀ ਵਾਰ ਸਰਕਾਰ ਨੇ ਰਾਮ ਰਹੀਮ ਨੂੰ ਸਿਰਸਾ ਡੇਰੇ ‘ਚ ਜਾਣ ਦੀ ਮਨਜ਼ੂਰੀ ਦਿੱਤੀ ਹੈ। ਰਾਮ ਰਹੀਮ ਨੇ ਕੁੱਲ 45 ਦਿਨਾਂ ਦੀ ਪੈਰੋਲ ਮੰਗੀ ਸੀ ਪਰ ਉਸ ਨੂੰ 30 ਦਿਨ ਦੀ ਪੈਰੋਲ ਦਿੱਤੀ ਗਈ ਹੈ। ਉੱਥੇ ਹੀ ਸਾਲ 2017 ਦੇ ਬਾਅਦ ਤੋਂ ਰਾਮ ਰਹੀਮ 12ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ।
ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰ ਕੇ ਕਿਹਾ ਕਿ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਪੈਰੋਕਾਰਾਂ ਦੇ ਦਰਸ਼ਨ ਲਈ ਉਹ ਬਾਹਰ ਆਇਆ ਹੈ। ਇਸ ਵਾਰ ਉਹ ਸਿਰਸਾ ‘ਚ ਆਇਆ ਹੈ। ਉਸ ਨੇ ਆਪਣੇ ਸਮਰਥਕਾਂ ਨੂੰ ਸਿਰਸਾ ਨਾ ਆਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਾਰੇ ਲੋਕ ਆਪਣੀ-ਆਪਣੀ ਜਗ੍ਹਾ ਰਹਿ ਕੇ ਦਰਸ਼ਨ ਕਰਨ। ਸੇਵਾਦਾਰਾਂ ਦੀ ਕਹੀਆਂ ਗੱਲਾਂ ‘ਤੇ ਜ਼ਰੂਰ ਅਮਲ ਕਰਨ। ਦੱਸਣਯੋਗ ਹੈ ਕਿ ਰਾਮ ਰਹੀਮ 2 ਸਾਧਵੀਆਂ ਨਾਲ ਯੌਨ ਉਤਪੀੜਨ ਦਾ ਦੋਸ਼ੀ ਹੈ। ਇਨ੍ਹਾਂ ਮਾਮਲਿਆਂ ‘ਚ ਉਸ ਨੂੰ 10-10 ਸਾਲ ਦੀ ਸਜ਼ਾ ਹੋਈ ਹੈ। ਉੱਥੇ ਹੀ ਪੱਤਰਕਾਰ ਰਾਮਚੰਦਰ ਛਤਰਪਤੀ ਕਤਲਕਾਂਡ ਅਤੇ ਡੇਰੇ ਦੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ ‘ਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਉਸ ਨੂੰ 25 ਅਗਸਤ 2017 ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਲਿਜਾਇਆ ਗਿਆ ਸੀ।