ਅੰਮ੍ਰਿਤਸਰ –ਟੀ. ਬੀ. ਦੀ ਬੀਮਾਰੀ ਤੋਂ ਗ੍ਰਸਤ ਮਰੀਜ਼ਾਂ ਨੂੰ ਹੁਣ ਹਰ ਮਹੀਨੇ ਕੋਰਸ ਪੂਰਾ ਹੋਣ ਤੱਕ 1000 ਪ੍ਰਤੀ ਮਹੀਨਾ ਮਿਲਣਗੇ। ਭਾਰਤ ਸਰਕਾਰ ਨੇ ਮਰੀਜ਼ਾਂ ਨੂੰ ਦਵਾਈ ਦੇ ਨਾਲ-ਨਾਲ ਤੰਦਰੁਸਤ ਖੁਰਾਕ ਦੇਣ ਦੇ ਮਕਸਦ ਤਹਿਤ 500 ਰੁਪਏ ਦੀ ਰਕਮ ਵਧਾ ਕੇ ਮਹਿੰਗਾਈ ਅਨੁਸਾਰ 1000 ਕਰ ਦਿੱਤੀ ਹੈ। ਜ਼ਿਲਾ ਅੰਮ੍ਰਿਤਸਰ ਵਿਚ 5 ਹਜ਼ਾਰ ਦੇ ਕਰੀਬ ਟੀ. ਬੀ. ਤੋਂ ਗ੍ਰਸਤ ਮਰੀਜ਼ਾਂ ਨੂੰ ਸਰਕਾਰ ਦੀ ਇਸ ਯੋਜਨਾ ਦਾ ਲਾਭ ਮਿਲੇਗਾ।
ਜਾਣਕਾਰੀ ਅਨੁਸਾਰ ਟੀ. ਬੀ. ਦੀ ਬੀਮਾਰੀ ਦੀ ਰੋਕਥਾਮ ਲਈ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਇਸ ਬੀਮਾਰੀ ਨੂੰ ਖਤਮ ਕਰਨ ਲਈ ਵਿਸ਼ੇਸ਼ ਯੋਜਨਾ ਤਹਿਤ ਕੰਮ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਭਾਰਤ ਸਰਕਾਰ ਵੱਲੋਂ 100 ਦਿਨ ਦੀ ਕੰਪੇਨ ਚਲਾ ਕੇ ਲੋਕਾਂ ਵਿੱਚੋਂ ਉਕਤ ਬੀਮਾਰੀ ਦੇ ਕੇਸ ਲੱਭਣ ਲਈ ਯਤਨ ਕੀਤੇ ਜਾ ਰਹੇ ਹਨ। ਜ਼ਿਲ੍ਹਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਵਿਚ 5 ਹਜ਼ਾਰ ਦੇ ਕਰੀਬ ਟੀ. ਬੀ. ਦੇ ਮਰੀਜ਼ ਦਵਾਈ ਦਾ ਸੇਵਨ ਕਰ ਰਹੇ ਹਨ। ਇਥੋਂ ਤੱਕ ਕਿ ਹਰ ਮਹੀਨੇ 600 ਤੋਂ 700 ਦੇ ਕਰੀਬ ਨਵੇਂ ਟੀ. ਬੀ. ਦੇ ਮਰੀਜ਼ ਸਾਹਮਣੇ ਆ ਰਹੇ ਹਨ। ਸਰਕਾਰ ਵੱਲੋਂ ਉਕਤ ਬੀਮਾਰੀ ਤੋਂ ਗ੍ਰਸਤ ਮਰੀਜ਼ਾਂ ਨੂੰ ਤੰਦਰੁਸਤ ਖੁਰਾਕ ਦੇਣ ਲਈ ਪਹਿਲਾਂ ਹਰ ਮਹੀਨੇ 500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਸੀ। ਦਵਾਈ ਦਾ ਕੋਰਸ ਛੇ ਮਹੀਨੇ ਤੱਕ ਚੱਲਣ ਤੱਕ ਮਰੀਜ਼ ਨੂੰ 6000 ਤੱਕ ਸਰਕਾਰ ਵੱਲੋਂ ਉਸ ਦੇ ਖਾਤੇ ਵਿਚ ਜਮ੍ਹਾਂ ਕਰਵਾਏ ਜਾਣਗੇ।