ਕਾਠਮੰਡੂ – ਨੇਪਾਲ ਪੁਲਸ ਨੇ 3 ਅਰਬ ਰੁਪਏ ਤੋਂ ਵੱਧ ਦੇ ਇੱਕ ਆਨਲਾਈਨ ਸੱਟੇਬਾਜ਼ੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ 10 ਭਾਰਤੀ ਨਾਗਰਿਕਾਂ ਸਮੇਤ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਕਾਠਮੰਡੂ ਵੈਲੀ ਕ੍ਰਾਈਮ ਇਨਵੈਸਟੀਗੇਸ਼ਨ ਦਫ਼ਤਰ ਦੇ ਪੁਲਸ ਸੁਪਰਡੈਂਟ ਕਾਜੀ ਕੁਮਾਰ ਆਚਾਰੀਆ ਦੇ ਅਨੁਸਾਰ, ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਸ ਦੀ ਇੱਕ ਵਿਸ਼ੇਸ਼ ਟੀਮ ਨੇ ਸ਼ਨੀਵਾਰ ਨੂੰ ਲਲਿਤਪੁਰ ਮਹਾਂਨਗਰ ਦੇ ਸਨੇਪਾ ਖੇਤਰ ਵਿੱਚ 2 ਘਰਾਂ ‘ਤੇ ਛਾਪਾ ਮਾਰਿਆ ਅਤੇ 10 ਭਾਰਤੀ ਨਾਗਰਿਕਾਂ ਅਤੇ 14 ਨੇਪਾਲੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ, ਜੋ ਆਨਲਾਈਨ ਗੇਮਿੰਗ ਦੇ ਨਾਮ ‘ਤੇ ਲੋਕਾਂ ਨੂੰ ਧੋਖਾ ਦਿੰਦੇ ਪਾਏ ਗਏ।
ਗ੍ਰਿਫ਼ਤਾਰ ਕੀਤੇ ਗਏ 10 ਭਾਰਤੀਆਂ ਵਿੱਚ ਅਜੀਤ ਕੁਮਾਰ, ਮੁਕੇਸ਼ ਮੰਡਲ, ਮਨੋਜ ਕੁਮਾਰ ਬਜਾਜ, ਸੁਮਿਤ ਖੱਤਰੀ, ਪ੍ਰਭਾਤ ਕੁਮਾਰ ਸਾਹ, ਓਮ ਪ੍ਰਕਾਸ਼ ਖੱਤਰੀ, ਰਵੀ ਪ੍ਰਕਾਸ਼ ਵਿਸ਼ਵਕਰਮਾ, ਰਵੀ ਅਭਿਸ਼ੇਕ ਓਝਾ, ਸ਼ਿਵਮ ਪਾਂਡੇ ਅਤੇ ਮਨੋਜ ਕੁਮਾਰ ਸ਼ਾਮਲ ਹਨ। ਆਚਾਰੀਆ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਲੋਕ ਉੱਤਰ ਪ੍ਰਦੇਸ਼ ਦੇ ਹਨ। ਦੋਸ਼ੀ ਲਲਿਤਪੁਰ ਦੇ ਸਨੇਪਾ ਵਿੱਚ ਕਿਰਾਏ ਦੇ 2 ਘਰਾਂ ਤੋਂ ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਚਲਾ ਰਹੇ ਸਨ। ਪੁਲਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੇ 3,047,356,612 ਨੇਪਾਲੀ ਰੁਪਏ ਦਾ ਲੈਣ-ਦੇਣ ਕੀਤਾ ਸੀ। ਮੁਲਜ਼ਮਾਂ ਤੋਂ 57 ਮੋਬਾਈਲ ਫੋਨ, 13 ਲੈਪਟਾਪ, ਵੱਖ-ਵੱਖ ਬੈਂਕਾਂ ਦੇ 34 ਏ.ਟੀ.ਐੱਮ. ਕਾਰਡ, 88 ਸਿਮ ਕਾਰਡ, 12 ਚੈੱਕ ਬੁੱਕ, 8 ਆਧਾਰ ਕਾਰਡ ਅਤੇ 6 ਪਾਸਪੋਰਟ ਵੀ ਜ਼ਬਤ ਕੀਤੇ ਗਏ ਹਨ।