ਅੰਮ੍ਰਿਤਸਰ – ਅਮਰੀਕਾ ਤੋਂ ਡਿਪੋਰਟ ਹੋ ਕੇ ਆਏ 30 ਪੰਜਾਬੀਆਂ ਨਾਲ ਐੱਨ. ਆਰ. ਆਈ. ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁਲਾਕਾਤ ਕੀਤੀ। ਅੰਮ੍ਰਿਤਸਰ ਏਅਰਪੋਰਟ ਵਿਖੇ ਪੰਜਾਬੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਧਾਲੀਵਾਲ ਨੇ ਕਿਹਾ ਕਿ ਡਿਪੋਰਟ ਹੋ ਕੇ ਆਏ ਸਾਰੇ ਪੰਜਾਬੀ ਠੀਕ ਅਤੇ ਤੰਦਰੁਸਤ ਹਨ। ਏਅਰਪੋਰਟ ਦੇ ਅੰਦਰ ਡਿਪੋਰਟ ਹੋ ਕੇ ਆਏ ਪੰਜਾਬੀਆਂ ਦੀ ਇੰਮੀਗ੍ਰੇਸ਼ਨ ਵੱਲੋਂ ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਇਕ ਬਹੁਤ ਹੀ ਗੰਭੀਰ ਅਤੇ ਇੰਟਰਨੈਸ਼ਨਲ ਮੁੱਦਾ ਹੈ, ਜੋਕਿ ਭਾਰਤ ਅਤੇ ਅਮਰੀਕਾ ਵਿਚਾਲੇ ਚੱਲ ਰਿਹਾ ਹੈ।
ਉਨ੍ਹਾਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਨਾਲ ਬੈਠ ਕੇ ਜੋ ਕੁਝ ਵੀ ਹੋਇਆ ਹੈ, ਜਾਂ ਫਿਰ ਅੱਗੇ ਹੋਣ ਜਾ ਰਿਹਾ ਹੈ, ਉਸ ਬਾਰੇ ਹੱਲ ਕੱਢਣ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਕਹਿੰਦੇ ਹਨ ਕਿ ਡੋਨਾਲਡ ਟਰੰਪ ਮੇਰੇ ਮਿੱਤਰ ਹਨ ਅਤੇ ਸਤੰਬਰ 2019 ਵਿਚ ਚੋਣਾਂ ਦੌਰਾਨ ਨਰਿੰਦਰ ਮੋਦੀ ਅਮਰੀਕਾ ਵਿਚ ਟਰੰਪ ਦੇ ਹੱਕ ਲਈ ਕੰਪੇਨ ਕਰਨ ਵੀ ਗਏ ਸਨ। ਇਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਮੇਰੀ ਗੱਲਬਾਤ ਪੰਜਾਬੀ ਨੌਜਵਾਨਾਂ ਨਾਲ ਹੋਈ ਹੈ ਅਤੇ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਕਿਹੜੇ ਏਜੰਟ ਜ਼ਰੀਏ ਵਿਦੇਸ਼ ਗਏ ਸਨ ਤਾਂ ਜ਼ਿਆਦਾਤਰ ਪੰਜਾਬੀਆਂ ਦਾ ਇਹੀ ਕਹਿਣਾ ਸੀ ਕਿ ਉਹ ਦੁਬਈ ਦੇ ਏਜੰਟਾਂ ਜ਼ਰੀਏ ਉਥੇ ਗਏ ਸਨ। ਇਸ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪੰਜਾਬੀਆਂ ਨੂੰ ਕਿਹਾ ਕਿ ਕਿਸੇ ਨੇ ਵੀ ਨੈਗੇਟਿਵ ਨਹੀਂ ਸੋਚਣਾ ਹਮੇਸ਼ਾ ਪਾਜ਼ੀਟਿਵ ਹੀ ਸੋਚਣਾ ਹੈ।