ਦਿੱਲੀ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਵੱਡਾ ਬਿਆਨ ਜਾਰੀ ਕੀਤਾ ਹੈ। ਬਿਆਨ ਜਾਰੀ ਕਰਦੇ ਹੋਏ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਈਡੀ ਨੇ 500 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕੀਤੀ ਪਰ ਅੱਜ ਤੱਕ ਈਡੀ ਦੇ ਹੱਥ ਇੱਕ ਪੈਸਾ ਵੀ ਨਹੀਂ ਲੱਗਿਆ। ਕੇਜਰੀਵਾਲ ਨੇ ਬੀਤੇ ਦਿਨ ਦੇ ਪੀਐੱਮ ਦੇ ਇੰਟਰਵਿਊ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਕੱਲ ਇੱਕ ਇੰਟਰਵਿਊ ’ਚ ਪੀਐੱਮ ਨੇ ਕਿਹਾ ਹੈ ਕਿ ਕੇਜਰੀਵਾਲ ਇੱਕ ਤਜ਼ਰਬੇਕਾਰ ਚੋਰ ਹੈ ਇਸੇ ਲਈ ਸ਼ਰਾਬ ਘੁਟਾਲੇ ’ਚ ਕੋਈ ਸਬੂਤ ਨਹੀਂ ਮਿਲਿਆ।
ਪੀਐੱਮ ਦੇ ਇਸੇ ਬਿਆਨ ਨੂੰ ਲੈ ਕੇ ਕੇਜਰੀਵਾਲ ਨੇ ਕਿਹਾ ਕਿ ਪੀਐੱਮ ਨੇ ਖੁਦ ਹੀ ਸਾਰੇ ਦੇਸ਼ ਦੇ ਸਾਹਮਣੇ ਮੰਨ ਲਿਆ ਹੈ ਕਿ ਸ਼ਰਾਬ ਘੁਟਾਲੇ ’ਚ ਕੋਈ ਸਬੂਤ ਨਹੀਂ ਮਿਲੇ। ਕੁੱਝ ਵੀ ਬਰਾਮਦ ਨਹੀਂ ਹੋਇਆ। ਇਸ ਤੋਂ ਸਾਬਿਤ ਹੁੰਦਾ ਹੈ ਕਿ ਸ਼ਰਾਬ ਘੁਟਾਲਾ ਫਰਜ਼ੀ ਹੈ। ਇਸ ਲਈ ਤੁਰੰਤ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਰਿਹਾਈ ਕੀਤੀ ਜਾਵੇ।
ਦਰਅਸਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਕੀਤੀ ਹੈ। ਵੀਡੀਓ ’ਚ ਕੇਜਰੀਵਾਲ ਨੇ ਕਿਹਾ ਹੈ ਕਿ ਉਹ (ਭਾਜਪਾ) ਪਿਛਲੇ ਦੋ ਸਾਲਾਂ ਤੋਂ ਦੋਸ਼ ਲਗਾ ਰਹੀ ਹੈ ਕਿ ਦਿੱਲੀ ‘ਚ ਸ਼ਰਾਬ ਦਾ ਘੁਟਾਲਾ ਹੋਇਆ ਹੈ। ਘੁਟਾਲੇ ਦੇ ਦੋਸ਼ ਹੇਠ ਮੈਨੂੰ ਅਤੇ ਪਾਰਟੀ ਦੇ ਹੋਰ ਆਗੂਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਜਾਂਚ ਏਜੰਸੀਆਂ ਨੇ ਸੈਂਕੜੇ ਥਾਵਾਂ ’ਤੇ ਛਾਪੇਮਾਰੀ ਕੀਤੀ ਪਰ ਕੋਈ ਵੀ ਬਰਾਮਦਗੀ ਜਾਂ ਸਬੂਤ ਨਹੀਂ ਮਿਲੇ। ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਇਹ ਘੁਟਾਲਾ 100 ਕਰੋੜ ਦਾ ਦੱਸਿਆ ਗਿਆ ਤੇ ਹੁਣ 1100 ਕਰੋੜ ਦਾ ਦੱਸਿਆ ਜਾ ਰਿਹਾ ਹੈ।