ਪਿਛਲੀਆਂ ਲੋਕ ਸਭਾ ਚੋਣਾਂ ’ਚ ਚੋਣਾਂ ਜਿੱਤਣ ਤੋ ਬਾਅਦ ਬਾਲੀਵੁੱਡ ਐਕਟਰ ਸੰਨੀ ਦਿਓਲ ਜਿੱਥੇ ਆਪਣੇ ਹਲਕੇ ਗੁਰਦਾਸਪੁਰ ’ਚ ਗਾਇਬ ਰਹੇ। ਉੱਥੇ ਹੀ ਦੂਜੇ ਪਾਸੇ ਇੱਕ ਨਿੱਜੀ ਬੈਂਕ ਦਾ ਕਰਜ਼ਾ ਨਾ ਮੋੜਨ ਕਾਰਨ ਵੀ ਸੰਨੀ ਦਿਓਲ ਚਰਚਾ ’ਚ ਆਏ ਸੀ। ਹਾਲਾਂਕਿ ਬਾਅਦ ’ਚ ਬੈਂਕ ਵੱਲੋਂ ਤਕਨੀਕੀ ਗਲਤੀ ਦੱਸ ਕੇ ਗੱਲ ਨੂੰ ਟਾਲ ਦਿੱਤਾ ਗਿਆ। ਪਰ ਇਸ ਵਾਰ ਇੱਕ ਵਾਰ ਫਿਰ ਸੰਨੀ ਦਿਓਲ ਪੈਸਿਆਂ ਦੇ ਇੱਕ ਹੋਰ ਮਾਮਲੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਦਰਅਸਲ ਫਿਲਮ ਨਿਰਦੇਸ਼ਕ ਸੁਨੀਲ ਦਰਸ਼ਨ ਨੇ ਬਾਲੀਵੁੱਡ ਐਕਟਰ ਸੰਨੀ ਦਿਓਲ ’ਤੇ ਦੋਸ਼ ਲਗਾਏ ਹਨ ਕਿ ਸੰਨੀ ਦਿਓਲ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਹੈ ਅਤੇ ਹੁਣ ਉਨ੍ਹਾਂ ਦੇ ਪੈਸੇ ਵਾਪਸ ਕਰਨ ਤੋਂ ਇੰਨਕਾਰ ਕਰ ਰਹੇ ਹਨ।
ਸੰਨੀ ਦਿਓਲ ਨਾਲ ਆਪਣੇ ਪੈਸਿਆਂ ਦੇ ਵਿਵਾਦ ਨੂੰ ਲੈ ਕੇ ਫਿਲਮ ਨਿਰਦੇਸ਼ਕ ਸੁਨੀਲ ਦਰਸ਼ਨ ਨੇ ਅੱਜ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ। ਪੱਤਰਕਾਰਾਂ ਨੂੰ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੇਰੀ ਮਦਦ ਕਰੋ, ਮੈਂ ਇਕੱਲਾ ਨਹੀਂ ਹਾਂ ਜਿਸਨੇ ਸੰਨੀ ਦਿਓਲ ਤੋਂ ਧੋਖਾ ਖਾਦਾ ਹੈ। ਹੋਰ ਵੀ ਬਹੁਤ ਸਾਰੇ ਲੋਕ ਹਨ ਜਿੰਨ੍ਹਾਂ ਨੇ ਸੰਨੀ ਦਿਓਲ ਤੋਂ ਕਰੋੜਾਂ ਰੁਪਏ ਲੈਣੇ ਹਨ।
ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਫਿਲਮ ਨਿਰਦੇਸ਼ਕ ਸੁਨੀਲ ਦਰਸ਼ਨ ਨੇ ਕਿਹਾ ਕਿ ਉਹ ਪਿਛਲੇ ਲਗਭਗ ਚਾਲੀ ਸਾਲਾਂ ਤੋਂ ਫਿਲਮਾਂ ਬਣਾ ਰਹੇ ਹਨ, ਉਨ੍ਹਾਂ ਨੇ ਸੰਨੀ ਦਿਓਲ ਨਾਲ ਸਭ ਤੋਂ ਵੱਧ ਕੰਮ ਕੀਤਾ ਹੈ। ਪਰ ਉਲਟਾ ਸੰਨੀ ਨੇ ਉਨ੍ਹਾਂ ਨਾਲ ਧੋਖਾ ਕੀਤਾ।
ਨਿਰਦੇਸ਼ਕ ਨੇ ਦੱਸਿਆ ਕਿ ਉਹ ਸੰਨੀ ਦਿਓਲ ਨਾਲ ਜਾਨਵਰ ਨਾਮ ਦੀ ਇੱਕ ਫਿਲਮ ਬਣਾਉਣਾ ਚਾਹੁੰਦੇ ਸੀ। ਇਸ ਦੌਰਾਨ ਸੰਨੀ ਨੇ ਉਨ੍ਹਾਂ ਤੋਂ ਫਿਲਮ ਦੇ ਪੈਸੇ ਤਾਂ ਲੈ ਲਏ ਪਰ ਫਿਲਮ ਲਈ ਤਰੀਕ ਦੇਣ ਤੋਂ ਮਨ੍ਹਾਂ ਕਰ ਦਿੱਤਾ। ਜਦੋਂ ਵੀ ਉਹ ਸੰਨੀ ਕੋਲ ਫਿਲਮ ਦੀ ਕਹਾਣੀ ਸੁਣਾਉਣ ਲਈ ਗਏ ਤਾਂ ਸੰਨੀ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਫਿਲਮ ਦੀ ਕਹਾਣੀ ਚੰਗੀ ਨਹੀਂ ਹੈ। ਪਰ ਜਾਨਵਰ ਉਹੀ ਫਿਲਮ ਹੈ ਜਿਸ ਤੋਂ ਅਕਸ਼ੈ ਕੁਮਾਰ ਦੇ ਕਰੀਅਰ ਨੂੰ ਵੱਡੀ ਸਫਲਤਾ ਮਿਲੀ।
ਇਸ ਦੇ ਨਾਲ ਹੀ ਫਿਲਮ ਨਿਰਦੇਸ਼ਕ ਸੁਨੀਲ ਦਰਸ਼ਨ ਨੇ ਅੱਗੇ ਕਿਹਾ ਕਿ ਜਦੋਂ ਉਨ੍ਹਾਂ ਨੇ ਸੰਨੀ ਤੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਸੰਨੀ ਨੇ ਪੈਸੇ ਵਾਪਸ ਦੇਣ ਤੋਂ ਇੰਨਕਾਰ ਕਰ ਦਿੱਤਾ। ਸੰਨੀ ਕੋਲ ਹਮੇਸ਼ਾਂ ਪੈਸੇ ਦੀ ਕਮੀ ਹੁੰਦੀ ਹੈ ਕਿਉਂਕਿ ਸੰਨੀ ਦੇ ਦਿਲ ’ਚ ਬੇਈਮਾਨੀ ਹੈ। ਸੰਨੀ ਕੋਲ ਪੈਸਾ ਤਾਂ ਹੈ ਬਸ ਪੈਸੈ ਵਾਪਸ ਦੇਣ ਦੀ ਨੀਅਤ ਨਹੀਂ ਹੈ।
ਇਸ ਤੋਂ ਇਲਾਵਾ ਨਿਰਦੇਸ਼ਕ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਅਦਾਲਤ ਦਾ ਰੁਖ਼ ਕੀਤਾ ਤਾਂ ਸਮਝੌਤਾ ਹੋਇਆ ਕਿ ਸੰਨੀ ਫਿਲਮ ’ਚ ਕੰਮ ਕਰੇਗਾ ਪਰ ਸੰਨੀ ਨੇ ਦੁਬਾਰਾ ਫਿਰ ਧੋਖਾ ਦਿੱਤਾ। ਇਸ ਲਈ ਤੁਸੀ ਲੋਕ ਮੇਰੀ ਆਵਾਜ਼ ਬਣੋ ਅਤੇ ਮੇਰੀ ਮਦਦ ਕਰੋ, ਬੁਰਾਈ ਦਾ ਸਮਰੱਥਨ ਨਾ ਕਰੋ। ਸੰਨੀ ਕੋਲ ਇੱਕ ਵੱਡੀ ਪੀਆਰ ਟੀਮ ਹੈ ਜੋ ਉਨ੍ਹਾਂ ਦੀ ਆਵਾਜ਼ ਨੂੰ ਦਬਾ ਦੇਵੇਗੀ। ਕ੍ਰਿਪਾ ਕਰਕੇ ਮੇਰੀ ਮਦਦ ਕਰੋ।