ਮੋਹਾਲੀ : ਪੰਜਾਬ ਸਰਕਾਰ ਵੱਲੋਂ ਅਣ-ਅਧਿਕਾਰਤ ਕਾਲੋਨੀਆਂ ’ਚ ਸਥਿਤ 500 ਵਰਗ ਗਜ਼ ਤੱਕ ਦੇ ਆਪਣੇ ਪਲਾਟਾਂ ਦੀ ਰਜਿਸਟਰੀ ਕਰਵਾਉਣ ਦੀ ਆਖ਼ਰੀ ਮਿਤੀ 28 ਫਰਵਰੀ ਹੈ। ਇਸ ਲਈ ਜ਼ਿਲ੍ਹੇ ਦੇ ਜਿਹੜੇ ਲੋਕਾਂ ਨੇ ਹਾਲੇ ਤੱਕ ਇਸ ਪਾਲਸੀ ਦਾ ਲਾਭ ਨਹੀਂ ਲਿਆ, ਉਹ ਬਿਨਾਂ ਦੇਰੀ ਕੀਤਿਆਂ ਪਾਲਸੀ ’ਚ ਦਰਜ ਹਦਾਇਤਾਂ ਮੁਤਾਬਕ ਆਪਣੀਆਂ ਰਜਿਸਟਰੀਆਂ ਕਰਵਾ ਕੇ ਇਸ ਦਾ ਵੱਧ ਤੋਂ ਵੱਧ ਲਾਭ ਲੈਣ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ 1 ਦਸੰਬਰ 2024 ਤੋਂ ਲਾਗੂ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ (ਸੋਧ) ਐਕਟ ’ਚ ਸੋਧ ਦਾ ਲਾਭ ਆਮ ਲੋਕਾਂ ਤੱਕ ਯਕੀਨੀ ਬਣਾਉਣ ਲਈ ਜ਼ਿਲ੍ਹਾ ਮੋਹਾਲੀ ਦੀਆਂ ਸਾਰੀਆਂ ਤਹਿਸੀਲਾਂ ਤੇ ਸਬ-ਤਹਿਸੀਲਾਂ ਦੇ ਸਬ-ਰਜਿਸਟਰਾਰਾਂ ਤੇ ਸੰਯੁਕਤ ਸਬ-ਰਜਿਸਟਰਾਰਾਂ ਨੂੰ ਹਦਾਇਤ ਕੀਤੀ ਹੋਈ ਹੈ।
ਇਸ ਸੋਧ ਮੁਤਾਬਕ ਹਾਊਸਿੰਗ ਤੇ ਸ਼ਹਿਰੀ ਵਿਕਾਸ ਤੇ ਸਥਾਨਕ ਸਰਕਾਰਾਂ ਵਿਭਾਗਾਂ ਤੋਂ ਐੱਨ. ਓ. ਸੀਜ਼. ਦੀ ਛੋਟ ਸਿਰਫ਼ 28 ਫਰਵਰੀ 2025 ਤੱਕ ਵੈਧ ਹੈ, ਇਸ ਲਈ ਲਾਭਪਾਤਰੀਆਂ ਨੂੰ ਇਸ ਦਿਨ ਤੋਂ ਪਹਿਲਾਂ ਜਾਂ ਅਖ਼ੀਰ ਤੱਕ ਨੋਟੀਫਿਕੇਸ਼ਨ ਅਨੁਸਾਰ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।