ਬਟਾਲਾ – ਪਿੰਡ ਭਾਗੋਵਾਲ ਨਜ਼ਦੀਕ ਬਟਾਲਾ ਦੇ ਜੰਪਪਲ ਜੋਗਰਾਜ ਸਿੰਘ ਕਾਹਲੋਂ ਫਰਜੰਦ ਗੁਰਇੰਦਰ ਸਿੰਘ ਸ਼ਾਹ ਦੇ ਪੁੱਤਰ ਅਤੇ ਸਮਾਜ ਸੇਵੀ ਰੁਪਿੰਦਰ ਸਿੰਘ ਸ਼ਾਮਪੁਰਾ ਦੇ ਦਮਾਦ ਨੂੰ ਕੈਨੇਡਾ ਸਰਕਾਰ ਵੱਲੋਂ ਅਹਿਮ ਜ਼ਿੰਮੇਵਾਰ ਦਿੰਦਿਆਂ 43ਵੀਂ ਵਿਧਾਨ ਸਭਾ ਬੀ.ਸੀ. ਕੈਨੇਡਾ ਦੇ ਕੰਜ਼ਰਵੇਟਿਵ ਪਾਰਟੀ ਦਾ ਕਮਿਊਨੀਕੇਸ਼ਨ ਅਫਸਰ ਨਿਯੁਕਤ ਕੀਤਾ ਗਿਆ ਹੈ, ਜੋ ਕਿ ਬੀ.ਸੀ. ਵਿਚ ਵਸੇ ਪੰਜਾਬੀ ਭਾਈਚਾਰੇ ਦੀ ਆਵਾਜ਼ ਬਣ ਕੇ ਉਸ ਨੂੰ ਵਿਧਾਨ ਸਭਾ ਵਿਚ ਪਹੁੰਚਾਉਣ ‘ਚ ਅਹਿਮ ਯੋਗਦਾਨ ਨਿਭਾਉਣਗੇ।
ਜ਼ਿਕਰਯੋਗ ਹੈ ਕਿ ਜੋਗਰਾਜ ਕਾਹਲੋਂ ਪਹਿਲੇ ਅਜਿਹੇ ਸ਼ਖਸ਼ ਹਨ, ਜੋ ਕੈਨੇਡਾ ਦੀ ਧਰਤੀ ’ਤੇ ਬਤੌਰ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਮਕੈਨੀਕਲ ਇੰਜੀਨੀਅਰ ਬਣ ਕੇ ਇਸ ਮਾਣਮੱਤੇ ਅਹੁਦੇ ਤੱਕ ਪਹੁੰਚੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਜੌਹਨ ਰਮਟੈਡ ਨੇ ਕੀਤਾ।
ਇਸ ਮੌਕੇ ਜੋਤੀ ਟੂਰ ਐੱਮ.ਐੱਲ.ਏ., ਐੱਮ.ਐੱਲ.ਏ. ਮਨਦੀਪ ਧਾਲੀਵਾਲ, ਐੱਮ.ਐੱਲ.ਏ. ਹਰਮਨ ਭੰਗੂ ਕੈਨੇਡਾ ਤੇ ਹੋਰ ਵੀ ਆਗੂਆਂ ਨੇ ਜੋਗਰਾਜ ਸਿੰਘ ਨੂੰ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ʼਚ ਇਹ ਵੱਡੀ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ।
ਇਸ ਦੌਰਾਨ ਜੋਗਰਾਜ ਸਿੰਘ ਕਾਹਲੋਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਅਪਾਰ ਕਿਰਪਾ, ਮਹਾਂਪੁਰਸ਼ਾਂ ਦੀ ਅਸੀਸਾਂ ਅਤੇ ਪੰਜਾਬੀ ਭਾਈਚਾਰੇ ਦੇ ਅਥਾਹ ਪਿਆਰ ਸਦਕਾ ਉਨ੍ਹਾਂ ਨੂੰ ਇਹ ਮੁਕਾਮ ਹਾਸਿਲ ਹੋਇਆ ਹੈ ਅਤੇ ਉਹ ਪੰਜਾਬੀ ਭਾਈਚਾਰੇ ਦੀ ਆਵਾਜ਼ ਬਣ ਕੇ ਵਿਚਰਨਗੇ।