Thursday, February 27, 2025

Become a member

Get the best offers and updates relating to Liberty Case News.

― Advertisement ―

spot_img
spot_img
HomeLatest News- ਉਦਯੋਗਪਤੀਆਂ ਨਾਲ ਸਲਾਹ ਮਸ਼ਵਰਾ ਕਰਕੇ ਪੰਜਾਬ ਦੇ ਵਪਾਰ ਨੂੰ ਨਵੀਆਂ ਬੁਲੰਦੀਆਂ...

– ਉਦਯੋਗਪਤੀਆਂ ਨਾਲ ਸਲਾਹ ਮਸ਼ਵਰਾ ਕਰਕੇ ਪੰਜਾਬ ਦੇ ਵਪਾਰ ਨੂੰ ਨਵੀਆਂ ਬੁਲੰਦੀਆਂ ‘ਤੇ ਲੈ ਕੇ ਜਾਵਾਂਗੇ: ਤਰੁਨਪ੍ਰੀਤ ਸਿੰਘ ਸੌਂਦ

 

ਚੰਡੀਗੜ੍ਹ

ਪੰਜਾਬ ਦੇ ਉਦਯੋਗ ਤੇ ਵਣਜ ਅਤੇ ਪੂੰਜੀ ਨਿਵੇਸ਼ ਪ੍ਰੋਤਸਾਹਨ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਨਿਵੇਕਲੀ ਪਹਿਲ ਕਰਦਿਆਂ ਵੱਖ-ਵੱਖ ਖੇਤਰਾਂ ਦੇ ਉਦਯੋਗਪਤੀਆਂ ਅਤੇ ਉੱਦਮੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਦਯੋਗਪਤੀਆਂ ਅਤੇ ਉੱਦਮੀਆਂ ਨਾਲ ਇਸ ਗੱਲ ਉੱਤੇ ਸਲਾਹ ਮਸ਼ਵਰਾ ਕੀਤਾ ਗਿਆ ਕਿ ਪੰਜਾਬ ਦੇ ਵਪਾਰ ਅਤੇ ਪੰਜਾਬ ਵਿੱਚ ਬਣਨ ਵਾਲੇ ਖਾਸ ਉਤਪਾਦਾਂ ਨੂੰ ਕਿਸ ਤਰ੍ਹਾਂ ਕੌਮਾਂਤਰੀ ਨਕਸ਼ੇ ‘ਤੇ ਲਿਆਂਦਾ ਜਾ ਸਕਦਾ ਹੈ।

ਉਦਯੋਗ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਉਦਯੋਗਾਂ ਦੀ ਤਰੱਕੀ ਤੇ ਮੁਸ਼ਕਲਾਂ ਦੇ ਹੱਲ ਲਈ ਪੰਜਾਬ ਸਰਕਾਰ ਤੇਜ਼ੀ ਨਾਲ ਸਾਰਥਕ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਨਅਤੀ ਫੈਡਰੇਸ਼ਨਾਂ, ਚੈਂਬਰਾਂ, ਉੱਦਮੀਆਂ ਤੇ ਉਦਯੋਗਪਤੀਆਂ ਨੂੰ ਖੁਦ ਬੁਲਾ ਕੇ ਵਪਾਰਾਂ ਦੀ ਉੱਨਤੀ ਲਈ ਵਪਾਰੀਆਂ ਤੇ ਉੱਦਮੀਆਂ ਦੇ ਵਿਚਾਰ ਨੋਟ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਤਾਂ ਹੀ ਸੰਭਵ ਹੈ ਜੇਕਰ ਇੱਥੋਂ ਦੇ ਉਦਯੋਗ ਤੇ ਵਪਾਰ ਪ੍ਰਫੁੱਲਤ ਹੋਣਗੇ। ਉਨ੍ਹਾਂ ਕਿਹਾ ਕਿ ਅਜਿਹੇ ਬਹੁਤ ਸਾਰੇ ਉਤਪਾਦ ਪੰਜਾਬ ਵਿੱਚ ਬਣਾਏ ਜਾਂਦੇ ਹਨ ਜਿਨ੍ਹਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਖਾਸ ਪਹਿਚਾਣ ਮਿਲ ਸਕਦੀ ਹੈ। ਪੰਜਾਬ ਦੀ ਫੁਲਕਾਰੀ, ਪੰਜਾਬੀ ਜੁੱਤੀ, ਸਾਈਕਲ ਉਦਯੋਗ, ਕਈ ਖਾਣੇ ਆਦਿ ਦੀ ਚੰਗੀ ਤਰ੍ਹਾਂ ਮਾਰਕੀਟਿੰਗ ਕਰਕੇ ਵਿਸ਼ਵ ਪੱਧਰ ਉੱਤੇ ਵਪਾਰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਉਦਯੋਗਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਸਨਅਤਕਾਰਾਂ ਦੀ ਹਰ ਪੱਖੋਂ ਮਦਦ ਕਰਨ ਲਈ ਤਿਆਰ ਹੈ।

ਇਸ ਮੌਕੇ ਉਦਯੋਗਪਤੀਆਂ ਨੇ ਸਥਾਨਕ ਵਪਾਰਾਂ ਤੇ ਉਤਪਾਦਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਪਹੁੰਚਾਉਣ ਲਈ ਕੋਈ ਠੋਸ ਨੀਤੀ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬੇਹਤਰ ਮਾਰਕੀਟਿੰਗ ਅਤੇ ਵਿਸ਼ਵ ਪੱਧਰੀ ਨੁਮਾਇਸ਼ ਕੇਂਦਰ ਖੋਲ੍ਹਣ ਨਾਲ ਪੰਜਾਬ ਦੇ ਉਤਪਾਦਾਂ ਨੂੰ ਕੌਮਾਂਤਰੀ ਪੱਧਰ ਉੱਤੇ ਪਹੁੰਚਦਾ ਕੀਤਾ ਜਾ ਸਕਦਾ ਹੈ। ਆਨਲਾਈਨ ਵਿਕਰੀ ਉੱਤੇ ਵੀ ਜ਼ੋਰ ਦਿੱਤਾ ਗਿਆ। ਉਦਯੋਗਾਂ ਦੀ ਪ੍ਰਫੁੱਲਤਾ ਲਈ ਇਸ ਮੌਕੇ ਹੋਰ ਵੀ ਬਹੁਤ ਸਾਰੇ ਸੁਝਾਅ ਦਿੱਤੇ ਗਏ।  ਉਦਯੋਗ ਮੰਤਰੀ ਨੇ ਖੁਦ ਸਾਰੀਆਂ ਸਲਾਹਾਂ ਨੋਟ ਕੀਤੀਆਂ ਅਤੇ ਇਨ੍ਹਾਂ ਬਾਰੇ ਮੁੱਖ ਮੰਤਰੀ ਅਤੇ ਸਬੰਧਤ ਵਿਭਾਗਾਂ ਨਾਲ ਵਿਚਾਰ ਕੇ ਸਾਰਥਕ ਸਿੱਟੇ ਦੇਣ ਦਾ ਭਰੋਸਾ ਦਿੱਤਾ।

ਮੀਟਿੰਗ ਵਿੱਚ ਉਦਯੋਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ, ਇਨਵੈਸਟ ਪੰਜਾਬ ਦੇ ਸੀਈਓ ਅਮਿਤ ਢਾਕਾ, ਪੀਐਸਆਈਈਸੀ ਦੇ ਐਮਡੀ ਵਰਿੰਦਰ ਕੁਮਾਰ ਸ਼ਰਮਾ, ਪੰਜਾਬ ਵਿਕਾਸ ਕਮਿਸ਼ਨ ਦੇ ਵਾਈਸ ਚੇਅਰਪਰਸਨ ਸੀਮਾ ਬਾਂਸਲ ਤੇ ਮੈਂਬਰ ਵੈਭਵ ਮਹੇਸ਼ਵਰੀ,  ਉਦਯੋਗ ਵਿਭਾਗ ਦੇ ਹੋਰ ਉੱਚ ਅਧਿਕਾਰੀ ਅਤੇ ਵੱਖ-ਵੱਖ ਸਨਅਤੀ ਫੈਡਰੇਸ਼ਨਾਂ, ਚੈਂਬਰਾਂ ਦੇ ਨੁਮਾਇੰਦੇ ਅਤੇ ਨਾਮੀਂ ਉਦਯੋਗਪਤੀ ਹਾਜ਼ਰ ਸਨ।