Wednesday, February 26, 2025

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਪਾਕਿਸਤਾਨ-ਅਧਾਰਤ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸਨ: ਡੀਜੀਪੀ...

ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਪਾਕਿਸਤਾਨ-ਅਧਾਰਤ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸਨ: ਡੀਜੀਪੀ ਗੌਰਵ ਯਾਦਵ

 

ਚੰਡੀਗੜ੍ਹ/ਅੰਮ੍ਰਿਤਸਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 5.06 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਜੰਟ ਸਿੰਘ ਉਰਫ਼ ਕਾਲੂ ਵਾਸੀ ਪਿੰਡ ਬਚੀਵਿੰਡ, ਅੰਮ੍ਰਿਤਸਰ; ਜਗਜੀਤ ਸਿੰਘ ਵਾਸੀ ਪਿੰਡ ਰਾਣੀਆ, ਅੰਮ੍ਰਿਤਸਰ; ਸਾਹਿਲ ਕੁਮਾਰ ਉਰਫ ਸਾਹਿਲ ਵਾਸੀ ਪਿੰਡ ਘਰਿਆਲਾ, ਤਰਨਤਾਰਨ ਅਤੇ ਰਿੰਕੂ ਵਾਸੀ ਬਸਤੀ ਦੁਨੇ ਵਾਲੀ, ਗੁਰੂ ਹਰਸਹਾਏ, ਫਿਰੋਜ਼ਪੁਰ ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਪਾਕਿਸਤਾਨ ਆਧਾਰਿਤ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸਨ। ਇਹ ਨਸ਼ਾ ਤਸਕਰ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕਰਨ ਲਈ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਡਰੋਨ ਦੀ ਵਰਤੋਂ ਕਰ ਰਹੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਪੁਲਿਸ ਸਟੇਸ਼ਨ ਛਾਉਣੀ ਅਤੇ ਸਦਰ ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਦੋ ਵੱਖ-ਵੱਖ ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ।

ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ਪਹਿਲੇ ਮਾਮਲੇ ਦੇ ਸਬੰਧ ਵਿੱਚ ਚਲਾਏ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ, ਕਮਿਸ਼ਨਰ ਆਫ਼ ਪੁਲਿਸ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਰੋਸੇਯੋਗ ਸੂਹ ‘ਤੇ ਕਾਰਵਾਈ ਕਰਦਿਆਂ ਡੀਸੀਪੀ ਹਰਪ੍ਰੀਤ ਸਿੰਘ ਮੰਡੇਰ, ਏਡੀਸੀਪੀ ਸਿਟੀ-2 ਹਰਕਮਲ ਕੌਰ ਅਤੇ ਏਸੀਪੀ ਵੈਸਟ ਸ਼ਿਵਦਰਸ਼ਨ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਸਟੇਸ਼ਨ ਛਾਉਣੀ ਦੀਆਂ ਪੁਲਿਸ ਟੀਮਾਂ ਨੇ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਅਤੇ ਗੁਰਜੰਟ ਕਾਲੂ ਅਤੇ ਜਗਜੀਤ ਸਿੰਘ ਵਜੋਂ ਪਛਾਣੇ ਗਏ ਸ਼ੱਕੀਆਂ ਨੂੰ ਮਾਹਲ ਬਾਈਪਾਸ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3.067 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਇੰਸਪੈਕਟਰ ਅਮੋਲਕਦੀਪ ਸਿੰਘ ਦੀ ਅਗਵਾਈ ਹੇਠ ਸੀਆਈਏ ਸਟਾਫ-1 ਦੀਆਂ ਪੁਲਿਸ ਟੀਮਾਂ ਨੇ ਅਗਲੇਰੀ ਜਾਂਚ ਦੌਰਾਨ ਦੋ ਹੋਰ ਮੁਲਜ਼ਮਾਂ – ਜਿਨ੍ਹਾਂ ਦੀ ਪਛਾਣ ਸਾਹਿਲ ਕੁਮਾਰ ਅਤੇ ਰਿੰਕੂ ਵਜੋਂ ਹੋਈ ਹੈ – ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2 ਕਿਲੋ ਹੈਰੋਇਨ ਬਰਾਮਦ ਕੀਤੀ।

ਸੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਰਿੰਕੂ ਨਸ਼ੀਲੇ ਪਦਾਰਥਾਂ ਦੇ ਵਪਾਰ ਨਾਲ ਕਮਾਏ ਗੈਰ-ਕਾਨੂੰਨੀ ਪੈਸੇ ਨੂੰ ਵੱਖ-ਵੱਖ ਸਪਲਾਇਰਾਂ ਨੂੰ ਟ੍ਰਾਂਸਫਰ ਕਰਨ ਲਈ ਇੱਕ ਵੱਡਾ ਹਵਾਲਾ ਨੈੱਟਵਰਕ ਚਲਾ ਰਿਹਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਹੋਰ ਜਾਂਚ ਜਾਰੀ ਹੈ।