ਚੰਡੀਗੜ੍ : ਜਾਨਵਰਾਂ ਨਾਲ ਮਾਨਵੀ ਤੇ ਸੰਵੇਦਨਸ਼ੀਲ ਵਤੀਰੇ ਨੂੰ ਯਕੀਨੀ ਬਣਾਉਣ ਦੀ ਦਿਸ਼ਾ ’ਚ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਵੱਲੋਂ ਪੰਜਾਬ ਪਸ਼ੂ ਭਲਾਈ ਬੋਰਡ ਅਧੀਨ ਸਾਰੇ ਡੌਗ ਬਰੀਡਰਾਂ, ਪੈੱਟ ਸ਼ਾਪਸ ਤੇ ਪਸ਼ੂ ਭਲਾਈ ਸੰਸਥਾਵਾਂ ਦੀ ਲਾਜ਼ਮੀ ਰਜਿਸਟ੍ਰੇਸ਼ਨ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਫ਼ੈਸਲਾ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਹੇਠ ਹੋਈ ਪੰਜਾਬ ਪਸ਼ੂ ਭਲਾਈ ਬੋਰਡ ਦੀ ਮੀਟਿੰਗ ’ਚ ਲਿਆ ਗਿਆ। ਇਹ ਮੀਟਿੰਗ ਪਸ਼ੂਧਨ ਕੰਪਲੈਕਸ, ਸੈਕਟਰ-68, ਐਸ. ਏ. ਐੱਸ. ਨਗਰ (ਮੋਹਾਲੀ) ਵਿਖੇ ਹੋਈ। ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਡੌਗ ਬਰੀਡਰਜ਼ ਅਤੇ ਪੈੱਟ ਸ਼ਾਪਸ ਨੂੰ ਜਾਨਵਰਾਂ ‘ਤੇ ਜ਼ੁਲਮ ਰੋਕਣ ਲਈ (ਡੌਗ ਬਰੀਡਿੰਗ ਅਤੇ ਮਾਰਕੀਟਿੰਗ) ਨਿਯਮ 2016 ਤਹਿਤ ਰਜਿਸਟਰ ਕੀਤਾ ਜਾਵੇਗਾ।
ਇਸ ਕਦਮ ਦਾ ਮੁੱਖ ਟੀਚਾ ਜਾਨਵਰਾਂ ਨਾਲ ਹੋਣ ਵਾਲੇ ਗੈਰ ਸੰਵੇਦਨਸ਼ੀਲ ਤੇ ਅਣਮਨੁੱਖੀ ਵਤੀਰੇ ਨੂੰ ਰੋਕਣਾ ਅਤੇ ਸੂਬੇ ’ਚ ਜ਼ਿੰਮੇਵਾਰ ਬਰੀਡਿੰਗ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਹੈ। ਬੋਰਡ ਵੱਲੋਂ ਬਰੀਡਰਾਂ ਅਤੇ ਪੈੱਟ ਸ਼ਾਪਸ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਰੱਖੀ ਜਾਵੇਗੀ ਤੇ ਕੰਟਰੋਲ ਕੀਤਾ ਜਾਵੇਗਾ। ਇਹ ਯਕੀਨੀ ਬਣਾਇਆ ਜਾਵੇਗਾ ਕਿ ਉਹ ਜਾਨਵਰਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਾਲੇ ਸਾਰੇ ਮਾਪਦੰਡਾਂ ਦੀ ਪਾਲਣਾ ਕਰਦੇ ਹੋਣ। ਇਹ ਯਕੀਨੀ ਬਣਾਇਆ ਜਾਵੇਗਾ ਕਿ ਜਾਨਵਰਾਂ ਨੂੰ ਅਣਮਨੁੱਖੀ ਵਤੀਰੇ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੂੰ ਢੁੱਕਵੀਂ ਦੇਖਭਾਲ ਪ੍ਰਦਾਨ ਕੀਤੀ ਜਾਵੇ ਤੇ ਜ਼ਿਆਦਾ ਬਰੀਡਿੰਗ ਨਾ ਕੀਤੀ ਜਾਵੇ। ਇਹ ਕੁੱਤਿਆਂ ਅਤੇ ਬਿੱਲੀਆਂ ਸਮੇਤ ਪਾਲਤੂ ਜਾਨਵਰਾਂ ਦੀ ਮਾਰਕੀਟਿੰਗ ’ਚ ਨੈਤਿਕ ਅਭਿਆਸਾਂ ਨੂੰ ਵੀ ਉਤਸ਼ਾਹਿਤ ਕਰੇਗਾ