ਲਾਤੂਰ- ਮਹਾਰਾਸ਼ਟਰ ਦੇ ਲਾਤੂਰ ਵਿਚ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਨੂੰ ਅੱਧ ਵਿਚਕਾਰ ਛੱਡ ਕੇ ਦਿਸ਼ਾ ਨਾਗਨਾਥ ਉਬਾਲੇ ਆਪਣਾ 10ਵੀਂ ਜਮਾਤ ਦਾ ਮਰਾਠੀ ਦਾ ਪੇਪਰ ਦੇਣ ਪਹੁੰਚੀ। 10ਵੀਂ ਜਮਾਤ ਦੀ ਵਿਦਿਆਰਥਣ ਦੇ ਪਿਤਾ ਦਾ ਵੀਰਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ ਸੀ। ਉਹ ਬੀਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਭਾਦਾ ਪਿੰਡ ਵਿਚ ਕੀਤਾ ਗਿਆ।
ਭਾਦਾ ਦੇ ਜ਼ਿਲ੍ਹਾ ਪ੍ਰੀਸ਼ਦ ਗਰਲਜ਼ ਸਕੂਲ ਦੀ ਵਿਦਿਆਰਥਣ ਦਿਸ਼ਾ ਨੇ ਦੱਸਿਆ ਕਿ ਉਸ ਨੂੰ ਯਕੀਨ ਨਹੀਂ ਸੀ ਕਿ ਉਹ ਸ਼ੁੱਕਰਵਾਰ ਨੂੰ ਸੈਕੰਡਰੀ ਸਕੂਲ ਸਰਟੀਫਿਕੇਟ (ਐੱਸ. ਐੱਸ. ਸੀ.) ਦੀ ਪ੍ਰੀਖਿਆ ਦੇ ਸਕੇਗੀ ਜਾਂ ਨਹੀਂ। ਫਿਰ ਉਸ ਦੇ ਅਧਿਆਪਕ ਸ਼ਿਵਲਿੰਗ ਨਾਗਪੁਰੇ ਨੇ ਉਸ ਨੂੰ ਪ੍ਰੀਖਿਆ ਵਿਚ ਬੈਠਣ ਲਈ ਕਿਹਾ।
ਹੌਸਲਾ ਦਿਖਾਉਂਦੇ ਹੋਏ 16 ਸਾਲਾ ਵਿਦਿਆਰਥਣ ਨੇ ਆਪਣੇ ਹੰਝੂ ਪੂੰਝੇ, ਆਪਣੇ ਪਿਤਾ ਨੂੰ ਅੰਤਿਮ ਵਿਦਾਈ ਦਿੱਤੀ ਅਤੇ ਪੇਪਰ ਦੇਣ ਲਈ ਔਸਾ ਦੇ ਅਜ਼ੀਮ ਹਾਈ ਸਕੂਲ ਦੇ ਪ੍ਰੀਖਿਆ ਕੇਂਦਰ ਵੱਲ ਤੁਰ ਪਈ। ਭਾਦਾ ਪਿੰਡ ਦੇ ਵਸਨੀਕ ਪ੍ਰੇਮਨਾਥ ਲਾਟੂਰੇ ਨੇ ਦੱਸਿਆ ਕਿ ਜਦੋਂ ਉਹ (ਦਿਸ਼ਾ) ਔਸਾ ਵਿਚ ਆਪਣਾ ਪੇਪਰ ਦੇ ਰਹੀ ਸੀ, ਉਸੇ ਦੌਰਾਨ ਉਨ੍ਹਾਂ ਨੇ ਪਿਤਾ ਦਾ ਅੰਤਿਮ ਸੰਸਕਾਰ ਹੋ ਰਿਹਾ ਸੀ।