ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਮਿੰਨੀ ਸਕੱਤਰੇਤ ਵਿਚ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਥਾਣਾ ਸਦਰ ਅਧੀਨ ਆਉਂਦੇ ਪਿੰਡ ਨਾਰੂ ਨੰਗਲ ਦੇ ਹੋਮਗਾਰਡ ਦੇ ਜਵਾਨ ਕਮਲਜੀਤ ਸਿੰਘ ਨੇ ਸਕੱਤਰੇਤ ਵਿਚ ਹੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਕਮਲਜੀਤ ਦੀ ਡਿਊਟੀ ਮਿਨੀ ਸਕੱਤਰੇਤ ਵਿਖੇ ਹੀ ਲੱਗੀ ਹੋਈ ਸੀ ਜਿਸ ਨੇ ਅੱਜ ਸਵੇਰੇ 7.15 ਵਜੇ ਦੇ ਕਰੀਬ ਆਪਣੀ ਸਰਕਾਰੀ ਗੰਨ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਇਸ ਸਬੰਧੀ ਕਮਲਜੀਤ ਦੇ ਨਾਲ ਡਿਊਟੀ ਦੇ ਰਹੇ ਮੁਲਾਜ਼ਮ ਨੇ ਦੱਸਿਆ ਕਿ ਉਹ ਬਾਥਰੂਮ ਗਿਆ ਸੀ ਅਤੇ ਜਦੋਂ ਉਸਨੇ ਵਾਪਸ ਆ ਕੇ ਦੇਖਿਆ ਤਾਂ ਕਮਲਜੀਤ ਖੂਨ ਨਾਲ ਲੱਥਪਥ ਹਾਲਤ ਵਿਚ ਮ੍ਰਿਤਕ ਉੱਥੇ ਪਿਆ ਸੀ। ਦੂਜੇ ਪਾਸੇ ਕਮਲਜੀਤ ਦੇ ਪੁੱਤਰ ਨੇ ਦੱਸਿਆ ਕਿ ਕਮਲਜੀਤ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ, ਇਸ ਕਾਰਨ ਉਨ੍ਹਾਂ ਨੇ ਇੰਨਾ ਵੱਡਾ ਕਦਮ ਚੁੱਕਿਆ ਹੈ। ਫਿਲਹਾਲ ਪੁਲਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।