ਲੋਕ ਸਭਾ ਚੋਣ ਪ੍ਰਚਾਰ ਦੇ ਚੱਲਦੇ ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਅੰਮ੍ਰਿਤਸਰ ਪਹੁੰਚੇ ਅਤੇ ਪਾਰਟੀ ਉਮੀਦਵਾਰ ਗੁਰਜੀਤ ਔਜਲਾ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਭਾਜਪਾ ਦੀ ਕੇਂਦਰ ਸਰਕਾਰ ’ਤੇ ਤਿੱਖਾ ਸ਼ਬਦੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਕੋਈ ਆਮ ਚੋਣ ਨਹੀਂ ਹੈ, ਇਨ੍ਹਾਂ ਚੋਣਾਂ ‘ਚ ਨਰਿੰਦਰ ਮੋਦੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਸੰਵਿਧਾਨ ‘ਤੇ ਹਮਲੇ ਕਰ ਰਹੇ ਹਨ। ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ (ਭਾਜਪਾ) ਚੋਣਾਂ ਜਿੱਤੇ ਤਾਂ ਦੇਸ਼ ਦੇ ਸੰਵਿਧਾਨ ਨੂੰ ਬਦਲ ਦੇਵਾਂਗੇ, ਇਸਨੂੰ ਰੱਦ ਕਰ ਦਿਆਂਗੇ, ਪਾੜ ਦਿਆਂਗੇ ਅਤੇ ਸੁੱਟ ਦੇਵਾਂਗੇ।
ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਲੋਕ ਸੋਚਦੇ ਹਨ ਕਿ ਇਹ ਸੰਵਿਧਾਨ 70-80 ਸਾਲ ਪੁਰਾਣੀ ਸੋਚ ਹੈ, ਪਰ ਅਜਿਹਾ ਨਹੀਂ ਹੈ, ਇਹ ਹਜ਼ਾਰਾਂ ਸਾਲ ਪੁਰਾਣੀ ਸੋਚ ਹੈ। ਧਿਆਨ ਨਾਲ ਦੇਖੀਏ ਤਾਂ ਇਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੋਚ ਨਜ਼ਰ ਆਵੇਗੀ। ਅੱਜ ਭਾਜਪਾ ਦੇ ਲੋਕ ਅੱਗੇ ਆ ਕੇ ਕਹਿ ਰਹੇ ਹਨ ਕਿ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੋਚ ਨੂੰ ਖਤਮ ਕਰ ਦੇਣਗੇ। ਇਸ ਦੇ ਨਾਲ ਹੀ ਡਾ: ਅੰਬੇਡਕਰ ਦੀ ਸੋਚ ‘ਤੇ ਵੀ ਹਮਲਾ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਕਾਂਗਰਸ ਨੇਤਾ ਨੇ ਕਿਸਾਨਾਂ ਦੇ ਅੰਦੋਲਨ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਪਿਛਲੇ 10 ਸਾਲਾਂ ਵਿੱਚ ਕਿਸਾਨਾਂ ਲਈ ਕੁਝ ਨਹੀਂ ਕੀਤਾ। ਤਿੰਨ ਕਾਲੇ ਕਾਨੂੰਨ ਲਿਆਂਦੇ ਅਤੇ ਜਦੋਂ ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਦੇ ਕਿਸਾਨ ਸੜਕਾਂ ‘ਤੇ ਉਤਰੇ ਤਾਂ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਅੱਤਵਾਦੀ ਕਿਹਾ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 22 ਲੋਕਾਂ ਦੇ 16 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਗਏ, ਪਰ ਪੰਜਾਬ ਦੇ ਕਿਸਾਨਾਂ ਦਾ ਇੱਕ ਰੁਪਇਆ ਵੀ ਮੁਆਫ਼ ਨਹੀਂ ਕੀਤਾ ਗਿਆ। ਕਿਉਂਕਿ ਮੋਦੀ ਨੇ ਸਾਫ਼ ਕਿਹਾ ਸੀ ਕਿ ਜੇਕਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਗਿਆ ਤਾਂ ਉਨ੍ਹਾਂ (ਕਿਸਾਨਾਂ) ਦੀਆਂ ਆਦਤਾਂ ਵਿਗੜ ਜਾਣਗੀਆਂ।