ਗੁਜਰਾਤ ਦੇ ਰਾਜਕੋਟ ਦੀ ਅੱਗ ਦੀ ਘਟਨਾ ਤੋਂ ਬਾਅਦ ਦਿੱਲੀ ’ਚ ਇੱਕ ਹੋਰ ਭਿਆਨਕ ਅੱਗ ਦਾ ਕਹਿਰ ਦੇਖਣ ਨੂੰ ਮਿਲਿਆ ਜਦੋਂ ਸ਼ਨੀਵਾਰ, 25 ਮਈ ਦੀ ਦੇਰ ਰਾਤ ਵਿਵੇਕ ਵਿਹਾਰ ’ਚ ਇੱਕ ਬੱਚਿਆਂ ਦੇ ਹਸਪਤਾਲ ਵਿੱਚ ਅੱਗ ਲੱਗ ਗਈ। ਇਸ ਦੌਰਾਨ ਅੱਗ ਦੀ ਲਪੇਟ ’ਚ ਆਏ ਛੇ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਅਤੇ 5 ਨੂੰ ਬਚਾ ਲਿਆ ਗਿਆ। ਹਾਲਾਂਕਿ ਅੱਗ ਲੱਗ ਦੇ ਕਾਰਨਾਂ ਦਾ ਤਾਂ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਆਕਸੀਜਨ ਸਿਲੰਡਰ ਫੱਟਣ ਕਾਰਨ ਅੱਗ ਲੱਗੀ। ਜਾਣਕਾਰੀ ਮੁਤਬਾਕ ਚਾਈਲਡ ਕੇਅਰ ਸੈਂਟਰ ਦੀ ਹੇਠਲੀ ਮੰਜ਼ਿਲ ‘ਤੇ ਗੈਰ-ਕਾਨੂੰਨੀ ਆਕਸੀਜਨ ਸਿਲੰਡਰ ਰੀਫਲਿੰਗ ਦਾ ਕੰਮ ਚੱਲ ਰਿਹਾ ਸੀ।
ਫਿਲਹਾਲ ਦਿੱਲੀ ਪੁਲਿਸ ਨੇ ਹਸਪਤਾਲ ਦੇ ਮਾਲਕ ਨਵੀਨ ਕੀਚੀ ਵਿਰੁੱਧ ਮੁਕੱਦਮ ਦਰਜ਼ ਕਰ ਲਿਆ ਹੈ। ਨਵੀਨ ਪੱਛਮੀ ਵਿਹਾਰ ਦਾ ਵਾਸੀ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਫਾਇਰ ਅਫਸਰ ਮੁਤਾਬਕ ਰਾਤ 11:30 ਵਜੇ ਅੱਗ ਦੀ ਘਟਨਾ ਪਤਾ ਲੱਗਦੇ ਹੀ ਫਾਇਰ ਬ੍ਰਿਗੇਡ ਦੀਆਂ 16 ਗੱਡੀਆਂ ਮੌਕੇ ‘ਤੇ ਪਹੁੰਚੀਆਂ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਅੱਗ ਨੇ ਉੱਪਰਲੀ ਮੰਜ਼ਿਲ ਅਤੇ ਨੇੜਲੀਆਂ ਦੋ ਇਮਾਰਤਾਂ ਨੂੰ ਆਪਣੀ ਲਪੇਟ ਚ ਲੈ ਲਿਆ।
ਜਾਣਕਾਰੀ ਮੁਤਾਬਕ ਚਾਈਲਡ ਕੇਅਰ ਸੈਂਟਰ ਵਿੱਚ 12 ਬੱਚੇ ਦਾਖਲ ਸੀ ਜਿੰਨ੍ਹਾਂ ਵਿੱਚੋਂ ਇੱਕ ਬੱਚੇ ਦੀ ਅੱਗ ਲੱਗਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਬਾਕੀ 11 ਬੱਚਿਆਂ ਨੂੰ ਧੂੰਆ ਚੜਣ ਕਾਰਨ ਸਾਹ ਲੈਣ ’ਚ ਤਕਲੀਫ ਹੋਣ ਲੱਗੀ। ਇਸ ਤੋਂ ਬਾਅਦ 11 ਬੱਚਿਆਂ ਨੂੰ ਖਿੜਕੀ ਰਾਹੀਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ 6 ਬੱਚਿਆਂ ਦੀ ਦਮ ਘੁਟਣ ਨਾਲ ਮੌਤ ਹੋ ਚੁੱਕੀ ਸੀ। ਇਸ ਤੋਂ ਇਲਾਵਾ ਹਸਪਤਾਲ ਦੇ ਨਾਲ ਦੋਵੇਂ ਪਾਸੇ ਦੋ ਰਿਹਾਇਸ਼ੀ ਇਮਾਰਤਾਂ ਵਿੱਚੋਂ 11 ਲੋਕਾਂ ਨੂੰ ਬਚਾਇਆ ਗਿਆ।