ਡੇਰਾਬੱਸੀ : ਪੰਜਾਬ ਸਰਕਾਰ ਵੱਲੋਂ 500 ਵਰਗ ਗਜ਼ ਤੱਕ ਦੇ ਪਲਾਟਾਂ ‘ਤੇ ਬਿਨਾਂ ਐੱਨ. ਓ. ਸੀ. ਰਜਿਸਟਰੀ ਸਕੀਮ ਦੇ ਤਹਿਤ ਨਾਜਾਇਜ਼ ਕਲੋਨੀਆਂ ’ਚ ਪਲਾਟਾਂ ਦੀਆਂ ਰਜਿਸਟਰੀਆਂ ਕਰਵਾਉਣ ਲਈ ਆਖ਼ਰੀ ਮਿਤੀ 28 ਫਰਵਰੀ ਰੱਖੀ ਗਈ ਹੈ। ਨਿਰਧਾਰਿਤ ਤਾਰੀਖ਼ ਨੂੰ 3 ਦਿਨ ਰਹਿਣ ਕਾਰਨ ਡੇਰਾਬੱਸੀ ਤਹਿਸੀਲ ’ਚ ਰਜਿਸਟਰੀ ਕਰਵਾਉਣ ਲਈ ਲੋਕਾਂ ਦਾ ਹਜ਼ੂਮ ਲੱਗਿਆ ਹੋਇਆ ਹੈ ਅਤੇ ਆਨਲਾਈਨ ਸਮਾਂ ਲੈਣ ਵਾਲੇ 153 ਸਲਾਟ 28 ਫਰਵਰੀ ਤੱਕ ਭਰ ਗਏ ਹਨ। ਇਸ ਕਾਰਨ ਲੋਕਾਂ ’ਚ ਹੁਣ 28 ਫਰਵਰੀ ਤੱਕ ਸਮਾਂ ਨਾ ਮਿਲਣ ਕਰਕੇ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪੰਜਾਬ ਸਰਕਾਰ ਤੋਂ ਰਜਿਸਟਰੀ ਕਰਵਾਉਣ ਲਈ ਸਮਾਂ ਹੋਰ ਵਧਾਉਣ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਹਲਕਾ ਡੇਰਾਬੱਸੀ ’ਚ ਕਾਲੋਨਾਈਜ਼ਰਾਂ ਵੱਲੋਂ ਖੇਤਾਂ ’ਚ ਨਾਜਾਇਜ਼ ਕਾਲੋਨੀਆਂ ਬਿਨਾ ਕਿਸੇ ਮਨਜ਼ੂਰੀ ਤੋਂ ਕੱਟੀਆਂ ਹੋਈਆਂ ਹਨ। ਇਸ ਕਰ ਕੇ ਸਰਕਾਰ ਤੇ ਲੋਕਾਂ ਨੂੰ ਕਲੋਨਾਈਜ਼ਰਾਂ ਵੱਲੋਂ ਕਰੋੜਾਂ ਦਾ ਚੂਨਾ ਲਗਾਇਆ ਗਿਆ ਸੀ, ਜਿਸ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਭਗਵੰਤ ਮਾਨ ਸਰਕਾਰ ਨੇ ਰਜਿਸਟਰੀਆਂ ਕਰਵਾਉਣ ਲਈ ਐੱਨ. ਓ. ਸੀ. ਦੀ ਸ਼ਰਤ ਲਗਾਈ ਸੀ ਅਤੇ ਨਾਜਾਇਜ਼ ਕਾਲੋਨੀਆ ’ਚ ਪਲਾਟ ਦੀਆਂ ਰਜਿਸਟਰੀਆਂ ’ਤੇ ਰੋਕ ਲਾ ਦਿੱਤੀ ਗਈ ਸੀ। ਕਾਲੋਨਾਈਜ਼ਰਾਂ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੀ ਮੰਗ ’ਤੇ ਸਰਕਾਰ ਨੇ 500 ਵਰਗ ਗਜ਼ ਤੱਕ ਦੇ ਪਲਾਟ ਅਤੇ ਨਾਜਾਇਜ਼ ਕਾਲੋਨੀਆਂ ’ਚ ਪਲਾਟਾਂ ਦੀਆਂ ਰਜਿਸਟਰੀਆਂ ਕਰਵਾਉਣ ਲਈ ਆਖ਼ਰੀ ਮਿਤੀ 28 ਫਰਵਰੀ ਰੱਖੀ ਸੀ।