ਲੁਧਿਆਣਾ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 2026 ਤੋਂ 10ਵੀਂ ਤੇ 12ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਨਾਲ ਜੁੜੇ ਡਰਾਫਟ ਨਿਯਮਾਂ ਨੂੰ ਮਨਜ਼ੂਰੀ ਦਿੱਤੀ ਹੈ। ਡਰਾਫਟ ਨਿਯਮਾਂ ਬਾਰੇ 9 ਮਾਰਚ ਤਕ ਲੋਕਾਂ ਦੀ ਰਾਏ ਮੰਗੀ ਗਈ ਹੈ, ਜਿਸ ਤੋਂ ਬਾਅਦ ਨੀਤੀ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਇਸ ਵਿਚਾਲੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੀਤੀ ਬਾਰੇ ਆਪਣਾ ਵਿਰੋਧ ਜਤਾਇਆ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਵਿਚੋਂ ਪੰਜਾਬੀ ਨੂੰ ਅਣਗੌਲਿਆ ਕਰਨ ਦਾ ਦੋਸ਼ ਲਗਾਉਂਦਿਆਂ ਇਕ ਪੱਤਰ ਲਿਖਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਵਿਰੋਧੀ ਚਿਹਰਾ ਇਕ ਵਾਰ ਫੇਰ ਬੇਨਕਾਬ ਹੋਇਆ ਹੈ। ਉਨ੍ਹਾਂ ਕਿਹਾ ਕਿ ਸੀ.ਬੀ.ਐਸ.ਈ. ਵੱਲੋਂ 10ਵੀਂ ਜਮਾਤ ਲਈ ਇਮਤਿਹਾਨ ਦੇ ਨਵੇਂ ਪੈਟਰਨ ਵਿਚ ਪੰਜਾਬੀ ਨੂੰ ਬਿਲਕੁਲ ਅਣਗੌਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਜਿੱਥੇ ਖੇਤਰੀ ਭਾਸ਼ਾਵਾਂ ਬਾਰੇ ਲਿਖਿਆ ਹੈ, ਉਸ ਵਿਚੋਂ ਪੰਜਾਬੀ ਬੋਲੀ ਗਾਇਬ ਹੈ। ਇਹ ਦੇਸ਼ ਦੇ ਸੰਘੀ ਢਾਂਚੇ ਉੱਤੇ ਸਿੱਧਾ ਹਮਲਾ ਹੈ। ਅਸੀਂ ਇਸ ਕਦਮ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬੀ ਦਾ ਬਣਦਾ ਸਥਾਨ ਤੇ ਸਨਮਾਨ ਤੁਰੰਤ ਬਹਾਲ ਕੀਤਾ ਜਾਵੇ।