ਪੰਜਾਬ ’ਚ ਆਖਰੀ ਅਤੇ ਸੱਤਵੇਂ ਪੜਾਅ ਤਹਿਤ 1 ਜੂਨ ਨੂੰ ਵੋਟਿੰਗ ਹੋਣੀ ਹੈ। ਇਸ ਤੋਂ ਪਹਿਲਾਂ ਚੋਣ ਪ੍ਰਚਾਰ ’ਚ ਹਰ ਸਿਆਸੀ ਪਾਰਟੀ ਸਿਰ ਤੋੜ ਮਿਹਨਤ ਕਰ ਰਹੀ ਹੈ। ਇਸੇ ਲੜੀ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਚੋਣ ਪ੍ਰਚਾਰ ’ਚ ਪੂਰੀ ਵਾਅ ਲਗਾਈ ਹੋਈ ਹੈ। ਚੋਣ ਪ੍ਰਚਾਰ ਲਈ ਮੁੱਖ ਮੰਤਰੀ ਮਾਨ ਅੱਜ ਖਡੂਰ ਸਾਹਿਬ ਪਹੁੰਚੇ ਜਿੱਥੇ ਉਨ੍ਹਾਂ ਨੇ ਪਾਰਟੀ ਦੇ ਉਮੀਦਵਾਰ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਇੱਥੇ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਸੀਐੱਮ ਮਾਨ ਨੇ ਰੱਜ ਕੇ ਵਿਰੋਧੀਆਂ ਦੇ ਰਗੜੇ ਲਾਏ। ਅਕਾਲੀ ਦਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਮਾਨ ਨੇ ਕਿਹਾ ਕਿ ਇਨ੍ਹਾਂ (ਅਕਾਲੀ ਦਲ) ਨੇ ਆਪਣੇ ਮਹਿਲ ਪਾ ਲਏ, ਹੋਟਲ ਪਾ ਲਏ, ਬੱਸਾਂ ਪਾ ਲਈਆਂ, ਇਨ੍ਹਾਂ ਨੇ ਲੋਕਾਂ ਦੇ ਖ਼ੂਨ ਨਾਲ ਬਹੁਤ ਕੁੱਝ ਬਣਾ ਲਿਆ। ਇਹ 3 ਪੀੜ੍ਹੀਆਂ ਖਾ ਗਏ ਅਤੇ ਹੁਣ ਸਾਨੂੰ ਮਲੰਗ ਦੱਸਦੇ ਹਨ ਪਰ ਮਲੰਗ ਹੀ ਇਸ ਵਾਰੀ ਮੰਜੀ ਠੋਕਣਗੇ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਤਾਨਾਸ਼ਾਹੀ ਤੋਂ ਬਚਾਉਣਾ ਹੈ। ਪੰਜਾਬ ਨੂੰ ਮੌਹਰੀ ਬਣਨਾ ਪਵੇਗਾ। ਆਜ਼ਾਦੀ ਵੇਲੇ ਅਤੇ ਹਰੀ ਕ੍ਰਾਂਤੀ ਵੇਲੇ ਵੀ ਪੰਜਾਬ ਮੌਹਰੀ ਸੀ। ਵਿਰੋਧੀ ਪਾਰਟੀ ਕਾਂਗਰਸ ’ਤੇ ਸ਼ਬਦੀ ਹਮਲਾ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਾਂਗਰਸ ਵਾਲਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਕੌਣ ਕਿੱਥੇ ਅਤੇ ਕੀਹਦੇ ਵਿਰੁੱਧ ਲੜ ਰਿਹਾ ਹੈ।
ਇਸ ਤੋਂ ਇਲਾਵਾ ਸੀਐੱਮ ਮਾਨ ਨੇ ਕਿਹਾ ਕਿ ਸਾਡੇ ਕੋਲ ਚੋਣ ਸਰਵੇ ਦੀਆਂ ਰਿਪੋਰਟਾਂ ਆਈਆਂ ਹਨ, ਖਡੂਰ ਸਾਹਿਬ ਦੇ ਹਲਕੇ ‘ਚ 25 ਹਜ਼ਾਰ ਦੀ ਵੋਟਾਂ ਦੀ ਲੀਡ ਆਈ ਹੈ ਅਤੇ ਇਸ ਨੂੰ 25 ਤੋਂ 35 ਹਜ਼ਾਰ ਕਰ ਦਿਓ। ਫਿਰ ਮੈ ਜਾਣਾ ਮੇਰਾ ਕੰਮ ਜਾਣੇ। ਥਰਮਲ ਪਲਾਂਟ ਅਸੀਂ ਖ਼ਰੀਦ ਹੀ ਲਿਆ। ਘਰਾਂ ਵਾਲੀ ਬਿਜਲੀ ਪਹਿਲਾਂ ਹੀ ਮੁਫ਼ਤ ਮਿਲ ਰਹੀ ਹੈ। ਹੁਣ ਇੰਡਸਟਰੀ ਵਾਲੀ ਬਿਜਲੀ ਵੀ ਸਸਤੀ ਕੀਤੀ ਜਾਵੇਗੀ। ਖਡੂਰ ਸਾਹਿਬ ਦੀਆਂ ਜਿੰਨੀਆਂ ਮੁਸ਼ਕਲਾਂ ਹਨ, 4 ਜੂਨ ਤੋਂ ਬਾਅਦ ਫਰੀ ਹੋ ਕੇ ਕੰਮ ਕਰਾਂਗੇ।