ਜਲੰਧਰ –ਪੰਜਾਬ ਪ੍ਰਦੇਸ਼ ਕਾਂਗਰਸ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ ਕਾਂਗਰਸ ਦੇ 6 ਕੌਂਸਲਰਾਂ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਨੂੰ ਲੈ ਕੇ 5 ਸਾਲਾਂ ਲਈ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਹੈ। ਅਵਤਾਰ ਹੈਨਰੀ ਨੇ ਇਸ ਸਬੰਧੀ ਹੁਕਮ ਜਾਰੀ ਕਰਦੇ ਕਿਹਾ ਕਿ ਬਠਿੰਡਾ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਪੱਖ ਵਿਚ ਵੋਟਿੰਗ ਕਰਨ ਦੇ ਦੋਸ਼ਾਂ ਕਾਰਨ ਇਨ੍ਹਾਂ ਕੌਂਸਲਰਾਂ, ਜਿਨ੍ਹਾਂ ਵਿਚ ਸੋਨੀਆ, ਮਮਤਾ, ਅਨੀਤਾ ਗੋਇਲ, ਕਿਰਨ ਰਾਣੀ, ਸੁਰੇਸ਼ ਕੁਮਾਰ ਅਤੇ ਵਿਕਰਮ ਕ੍ਰਾਂਤੀ ਸ਼ਾਮਲ ਹਨ, ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।
ਹੈਨਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਬਠਿੰਡਾ ਦੇ ਡਿਪਟੀ ਮੇਅਰ ਅਸ਼ੋਕ ਕੁਮਾਰ ਸਮੇਤ ਹੋਰ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਬਠਿੰਡਾ ਸ਼ਹਿਰ ਦੇ ਮੇਅਰ ਦੀ ਚੋਣ ਦੌਰਾਨ ਕੁਝ ਕਾਂਗਰਸੀ ਕੌਂਸਲਰਾਂ ਨੇ ਆਪਣੀ ਵੋਟ ਕਾਂਗਰਸ ਦੀ ਬਜਾਏ ‘ਆਪ’ ਉਮੀਦਵਾਰ ਨੂੰ ਦਿੱਤੀ ਸੀ, ਜਿਸ ਕਾਰਨ ਘੱਟ ਗਿਣਤੀ ਹੋਣ ਦੇ ਬਾਵਜੂਦ ‘ਆਪ’ ਦਾ ਮੇਅਰ ਬਣ ਗਿਆ।
ਹੈਨਰੀ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਿਕਾਇਤ ਦਾ ਸਖ਼ਤ ਨੋਟਿਸ ਲੈਂਦੇ ਬਠਿੰਡਾ ਦੇ 19 ਕੌਂਸਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਉਨ੍ਹਾਂ ਕਿਹਾ ਕਿ 19 ਵਿਚੋਂ 13 ਕੌਂਸਲਰਾਂ ਨੇ ਆਪਣਾ ਪੱਖ ਰੱਖਦਿਆਂ ਲਿਖਤੀ ਤੌਰ ’ਤੇ ਨੋਟਿਸ ਦਾ ਜਵਾਬ ਅਨੁਸ਼ਾਸਨ ਕਮੇਟੀ ਨੂੰ ਦੇ ਦਿੱਤਾ ਸੀ ਪਰ ਬਾਕੀ 6 ਕੌਂਸਲਰਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਜਵਾਬ ਨਾ ਮਿਲਣ ’ਤੇ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ।