ਜਲੰਧਰ/ਚੰਡੀਗੜ੍ਹ -ਪੰਜਾਬ ਪੁਲਸ ਦੇ ਏ. ਐੱਸ. ਆਈ. ਅਸ਼ੋਕ ਕੁਮਾਰ ਦਾ ਨਾਂ ‘ਵਰਲਡ ਬੁੱਕ ਆਫ਼ ਰਿਕਾਰਡਜ਼’ ਵਿਚ ਦਰਜ ਹੋ ਗਿਆ ਹੈ। ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੰਦਿਆਂ ਅਸ਼ੋਕ ਕੁਮਾਰ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਆਪਣੇ ਟਵੀਟ ਵਿਚ ਕਿਹਾ ਹੈ ਕਿ ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਆਪਣੀ ਯਾਤਰਾ ਜ਼ਮੀਨੀ ਪੱਧਰ ਤੋਂ ਸ਼ੁਰੂ ਕੀਤੀ ਸੀ ਅਤੇ ਅੱਜ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਮਿਲੀ ਹੈ। ਉਨ੍ਹਾਂ ਨੇ ਏ. ਐੱਸ. ਆਈ. ਅਸ਼ੋਕ ਕੁਮਾਰ ਨੂੰ ਕਿਹਾ ਕਿ ਉਹ ਇਸੇ ਤਰ੍ਹਾਂ ਚਮਕਦੇ ਰਹਿਣ ਅਤੇ ਪੰਜਾਬ ਪੁਲਸ ਨਾਂ ਰੌਸ਼ਨ ਕਰਦੇ ਰਹਿਣ।
ਉਨ੍ਹਾਂ ਕਿਹਾ ਕਿ ਅਸ਼ੋਕ ਕੁਮਾਰ ਪੰਜਾਬ ਪੁਲਸ ਵਿਚ ਇਕ ਹੀਰੇ ਵਾਂਗੇ ਹਨ। ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਅਮਰੀਕੀ ਹੀਰੇ (ਜ਼ਰਕਨ ਪੱਥਰਾਂ) ਦੀ ਵਰਤੋਂ ਕਰਕੇ ਆਪਣੀਆਂ ਸ਼ਾਨਦਾਰ ਰਚਨਾਵਾਂ ਨਾਲ ਪੋਰਟਰੇਟ ਕਲਾ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ। ਡੀ. ਜੀ. ਪੀ. ਨੇ ਕਿਹਾ ਕਿ ਗਲੋਬਲ ਆਈਕਨਾਂ ਨੂੰ ਦਰਸਾਉਣ ਵਾਲੇ ਉਨ੍ਹਾਂ ਦੇ ਅਸਾਧਾਰਨ ਕੰਮ ਨੇ ਉਨ੍ਹਾਂ ਨੂੰ ‘ਵਰਲਡ ਬੁੱਕ ਆਫ਼ ਰਿਕਾਰਡਜ਼’ ਵਿਚ ਸਥਾਨ ਦਿਵਾਇਆ ਹੈ। ਇਹ ਅਸ਼ੋਕ ਕੁਮਾਰ ਦੇ ਜਨੂੰਨ, ਸਮਰਪਣ ਅਤੇ ਪ੍ਰਤਿਭਾ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪ੍ਰਤਿਭਾਸ਼ਾਲੀ ਪੁਲਸ ਫੋਰਸ ਨੂੰ ਅਸ਼ੋਕ ਕੁਮਾਰ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣਾ ਚਾਹੀਦਾ ਹੈ ਅਤੇ ਫੋਰਸ ਦਾ ਨਾਂ ਰੌਸ਼ਨ ਕਰਨਾ ਚਾਹੀਦਾ ਹੈ।