ਮੈਕਸੀਕੋ ਸਿਟੀ – ਵਧਦੇ ਅਮਰੀਕੀ ਦਬਾਅ ਦੇ ਵਿਚਕਾਰ ਮੈਕਸੀਕੋ ਨੇ ਡਰੱਗ ਤਸਕਰੀ ਗਿਰੋਹ ਨਾਲ ਜੁੜੇ 29 ਲੋਕਾਂ ਨੂੰ ਅਮਰੀਕਾ ਭੇਜ ਦਿੱਤਾ ਹੈ, ਜਿਨ੍ਹਾਂ ਵਿੱਚ ‘ਡਰੱਗ ਮਾਫੀਆ’ ਰਾਫੇਲ ਕੈਰੋ ਕੁਇੰਟੇਰੋ ਵੀ ਸ਼ਾਮਲ ਹੈ। ਕੁਇੰਟੇਰੋ 1985 ਵਿੱਚ ਇੱਕ ਅਮਰੀਕੀ ਡੀਈਏ (ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ) ਏਜੰਟ ਦੇ ਕਤਲ ਵਿੱਚ ਸ਼ਾਮਲ ਸੀ। ਮੈਕਸੀਕਨ ਦੇ ਉੱਚ ਅਧਿਕਾਰੀ ਇਸ ਸਮੇਂ ਵਾਸ਼ਿੰਗਟਨ ਵਿੱਚ ਹਨ। ਉਹ ਟਰੰਪ ਪ੍ਰਸ਼ਾਸਨ ਦੇ ਸਾਰੇ ਮੈਕਸੀਕਨ ਆਯਾਤ ‘ਤੇ 25 ਪ੍ਰਤੀਸ਼ਤ ਟੈਰਿਫ ਲਗਾਉਣ ਦੇ ਫੈਸਲੇ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਮੰਗਲਵਾਰ ਤੋਂ ਲਾਗੂ ਹੋਣ ਵਾਲਾ ਹੈ।
ਮੈਕਸੀਕਨ ਸਰਕਾਰ ਦੇ ਅਨੁਸਾਰ, ਵੀਰਵਾਰ ਨੂੰ ਅਮਰੀਕਾ ਭੇਜੇ ਗਏ ਲੋਕਾਂ ਨੂੰ ਮੈਕਸੀਕਨ ਜੇਲ੍ਹਾਂ ਤੋਂ ਮੈਕਸੀਕੋ ਸਿਟੀ ਦੇ ਉੱਤਰ ਵਿੱਚ ਇੱਕ ਹਵਾਈ ਅੱਡੇ ‘ਤੇ ਲਿਆਂਦਾ ਗਿਆ ਅਤੇ ਜਹਾਜ਼ ਰਾਹੀਂ 8 ਅਮਰੀਕੀ ਸ਼ਹਿਰਾਂ ਵਿੱਚ ਲਿਜਾਇਆ ਗਿਆ। ਇਨ੍ਹਾਂ ਵਿੱਚੋਂ 6 ਮੈਕਸੀਕੋ ਦੇ ਪੰਜ ਸੰਗਠਿਤ ਅਪਰਾਧ ਸਮੂਹਾਂ ਦੇ ਮੈਂਬਰ ਸਨ, ਜਿਨ੍ਹਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੁਆਰਾ “ਵਿਦੇਸ਼ੀ ਅੱਤਵਾਦੀ ਸੰਗਠਨ” ਵਜੋਂ ਨਾਮਜ਼ਦ ਕੀਤਾ ਸੀ। ਦੋਵਾਂ ਦੇਸ਼ਾਂ ਦੇ ਸਰਕਾਰੀ ਵਕੀਲਾਂ ਅਨੁਸਾਰ, ਵੀਰਵਾਰ ਨੂੰ ਅਮਰੀਕਾ ਭੇਜੇ ਗਏ ਕੈਦੀਆਂ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਕਤਲ ਨਾਲ ਸਬੰਧਤ ਦੋਸ਼ ਹਨ।