ਜਲੰਧਰ –ਮਿੱਠਾਪੁਰ ਸਥਿਤ ਕੁੱਕੀ ਢਾਬ ਰੋਡ ’ਤੇ ਇਕ ਹੀ ਘਰ ਵਿਚ 2 ਮੌਤਾਂ ਹੋ ਗਈਆਂ। ਸਭ ਤੋਂ ਪਹਿਲਾਂ ਬਜ਼ੁਰਗ ਔਰਤ ਦੀ ਹਸਪਤਾਲ ਵਿਚ ਮੌਤ ਹੋਈ, ਜਿਸ ਦੀ ਲਾਸ਼ ਅਜੇ ਘਰ ਆਈ ਹੀ ਸੀ ਕਿ ਬਜ਼ੁਰਗ ਔਰਤ ਦੀ ਨੂੰਹ ਬੇਹੋਸ਼ ਹੋ ਗਈ ਅਤੇ ਉਸ ਨੇ ਵੀ ਹਸਪਤਾਲ ਵਿਚ ਜਾ ਕੇ ਦਮ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਮਾਹੌਲ ਕਾਫ਼ੀ ਗਮਗੀਨ ਸੀ।
ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਨਿਰਮਲਾ ਟੰਡਨ ਕੁਝ ਸਮੇਂ ਤੋਂ ਹਸਪਤਾਲ ਵਿਚ ਦਾਖਲ ਸੀ, ਜਿਸ ਦੀ ਵੀਰਵਾਰ ਨੂੰ ਮੌਤ ਹੋ ਗਈ। ਜਿਵੇਂ ਹੀ ਉਸ ਦੀ ਲਾਸ਼ ਉਸ ਦੇ ਕੁੱਕੀ ਢਾਬ ਰੋਡ ਸਥਿਤ ਘਰ ਲਿਆਂਦੀ ਗਈ ਤਾਂ ਕਾਫ਼ੀ ਰਿਸ਼ਤੇਦਾਰ ਅਤੇ ਆਲੇ-ਦੁਆਲੇ ਦੇ ਲੋਕ ਮੌਜੂਦ ਸਨ। ਆਪਣੀ ਸੱਸ ਦੀ ਲਾਸ਼ ਵੇਖ ਕੇ ਨੂੰਹ ਆਰਤੀ ਟੰਡਨ ਬੇਹੋਸ਼ ਹੋ ਕੇ ਡਿੱਗ ਗਈ। ਰਿਸ਼ਤੇਦਾਰ ਉਸ ਨੂੰ ਤੁਰੰਤ ਨਜ਼ਦੀਕੀ ਨਿੱਜੀ ਹਸਪਤਾਲ ਲੈ ਗਏ ਪਰ ਕੁਝ ਸਮੇਂ ਬਾਅਦ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ। ਦੋਵਾਂ ਦਾ ਇਕ ਹੀ ਸਮੇਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸੱਸ ਅਤੇ ਨੂੰਹ ਦਾ ਇਕੱਠਾ ਹੁੰਦਾ ਅੰਤਿਮ ਸੰਸਕਾਰ ਵੇਖ ਕੇ ਉਥੇ ਮੌਜੂਦ ਹਰ ਅੱਖ ਨਮ ਸੀ।