ਰੋਹਤਕ : ਪੁਲਸ ਨੇ ਕਾਂਗਰਸੀ ਆਗੂ ਹਿਮਾਨੀ ਨਰਵਾਲ ਦੇ ਕਤਲ ਕੇਸ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਪੁਲਸ ਗ੍ਰਿਫਤਾਰ ਮੁਲਜ਼ਮ ਕੋਲੋਂ ਪੁੱਛਗਿੱਛ ਕਰ ਰਹੀ ਹੈ। ਕਤਲ ਕੇਸ ਵਿੱਚ ਵੀ ਇਹ ਪਹਿਲੀ ਗ੍ਰਿਫ਼ਤਾਰੀ ਹੈ। ਪੁਲਸ ਨੇ ਅੱਜ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਕਰਨ ਦਾ ਦਾਅਵਾ ਵੀ ਕੀਤਾ ਹੈ। ਦੱਸਣਯੋਗ ਹੈ ਕਿ ਹਿਮਾਨੀ ਨਰਵਾਲ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਸੂਟਕੇਸ ਵਿੱਚ ਭਰ ਕੇ ਸੁੱਟ ਦਿੱਤਾ ਗਿਆ ਸੀ। ਹਾਲਾਂਕਿ ਕਤਲ ਕਿਸ ਨੇ ਅਤੇ ਕਿਉਂ ਕੀਤਾ? ਇਸ ਸਬੰਧੀ ਕੋਈ ਖੁਲਾਸਾ ਨਹੀਂ ਹੋਇਆ ਹੈ।
ਜਾਣਕਾਰੀ ਮੁਤਾਬਕ, 1 ਮਾਰਚ ਦੀ ਸਵੇਰ ਨੂੰ ਹਰਿਆਣਾ ਦੇ ਰੋਹਤਕ ਦੇ ਸਾਂਪਲਾ ਕਸਬੇ ਦੇ ਬੱਸ ਸਟੈਂਡ ਕੋਲ ਇੱਕ ਲਾਵਾਰਿਸ ਨੀਲੇ ਰੰਗ ਦਾ ਸੂਟਕੇਸ ਰੱਖਿਆ ਗਿਆ ਸੀ। ਜਦੋਂ ਰਾਹਗੀਰਾਂ ਨੇ ਉਸ ਨੂੰ ਦੇਖਿਆ ਤਾਂ ਕਿਸੇ ਨੇ ਪੁਲਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਸੂਟਕੇਸ ਖੋਲ੍ਹਿਆ ਤਾਂ ਉਸ ‘ਚ ਇਕ ਲੜਕੀ ਦੀ ਲਾਸ਼ ਮਿਲੀ। ਇਹ ਲਾਸ਼ ਕਿਸੇ ਹੋਰ ਦੀ ਨਹੀਂ, ਸਗੋਂ ਕਾਂਗਰਸੀ ਆਗੂ ਹਿਮਾਨੀ ਨਰਵਾਲ ਦੀ ਸੀ।
ਇਹ ਉਹੀ ਹਿਮਾਨੀ ਨਰਵਾਲ ਸੀ, ਜਿਸ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਨਾਲ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਹਿਮਾਨੀ ਰੋਹਤਕ ਵਿੱਚ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਈ ਸੀ ਅਤੇ ਸ਼੍ਰੀਨਗਰ ਤੱਕ ਗਈ ਸੀ।