ਲੁਧਿਆਣਾ: ਫੋਕਲ ਪੁਆਇੰਟ ਵਿਸ਼ਕਰਮਾ ਕਾਲੋਨੀ ਨਾਲ ਮੋਤੀ ਨਗਰ ਥਾਣੇ ਅਧੀਨ ਪੈਂਦੇ ਫੇਜ਼-4 ’ਚ ਇਕ ਫੈਕਟਰੀ ਦੇ ਬਾਹਰ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਦੁਕਾਨ ਤੋਂ ਫੈਕਟਰੀ ਅੰਦਰ ਵੈਲਡਿੰਗ ਦਾ ਕੰਮ ਕਰਨ ਗਏ ਵੈਲਡਰ ਦੀ ਮੌਤ ਹੋ ਗਈ। ਹਾਦਸੇ ਮਗਰੋਂ ਫੈਕਟਰੀ ਮਾਲਕ ਲੇਬਰ ਸਮੇਤ ਲਾਸ਼ ਨੂੰ ਅੰਦਰ ਹੀ ਛੱਡ ਕੇ ਫੈਕਟਰੀ ਨੂੰ ਤਾਲੇ ਲਗਾ ਕੇ ਫਰਾਰ ਹੋ ਗਿਆ। ਕਿਹਾ ਜਾਂਦਾ ਹੈ ਜਦੋਂ ਮ੍ਰਿਤਕ ਸ਼ੈੱਡ ਦੇ ਉੱਪਰ ਚੜ੍ਹ ਕੇ ਵੈਲਡਿੰਗ ਦਾ ਕੰਮ ਕਰ ਰਿਹਾ ਸੀ ਤਾਂ ਸ਼ੈੱਡ ਟੁੱਟ ਕੇ ਡਿੱਗ ਗਿਆ। ਇਸ ਦੌਰਾਨ ਮ੍ਰਿਤਕ ਟੁੱਟੇ ਸ਼ੈੱਡ ਹੇਠਾਂ ਤੇਜ਼ਾਬ ਦੀ ਹੌਦੀ ’ਚ ਜਾ ਡਿੱਗਾ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਦੌਰਾਨ ਮ੍ਰਿਤਕ ਦੇ ਪਰਿਵਾਰ ਵਾਲੇ ਤੇ ਵੱਡੀ ਗਿਣਤੀ ’ਚ ਮਜ਼ਦੂਰ ਇਕੱਠੇ ਹੋ ਗਏ, ਜਿਨ੍ਹਾਂ ਫੈਕਟਰੀ ਮਾਲਕ ਖਿਲਾਫ ਰੋਸ ਮੁਜ਼ਾਹਰਾ ਕਰਨਾ ਸ਼ਰੂ ਕਰ ਦਿੱਤਾ। ਹਾਦਸੇ ਦੀ ਸੂਚਨਾ ਮਿਲਣ ’ਤੇ ਮੋਤੀ ਨਗਰ ਥਾਣੇ ਦੇ ਇੰਚਾਰਜ ਐੱਸ. ਐੱਚ. ਓ. ਅੰਮ੍ਰਿਤਪਾਲ ਸਿੰਘ, ਪੁਲਸ ਫੋਰਸ ਤੇ ਪੀ. ਸੀ. ਆਰ. ਦਸਤੇ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਭੜਕੇ ਲੋਕਾਂ ਨੂੰ ਸ਼ਾਂਤ ਕੀਤਾ।