ਭਵਾਨੀਗੜ੍ਹ- ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਥਾਨਕ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਪ੍ਰਾਪਤ ਹੋਈ ਜਦੋਂ ਪੁਲਸ ਚੈੱਕ ਪੋਸਟ ਕਾਲਾਝਾੜ ਦੀ ਪੁਲਸ ਪਾਰਟੀ ਨੇ ਪਿੰਡ ਚੰਨੋਂ ਦੇ ਇਕ ਖੇਤ ’ਚੋਂ ਲਾਵਾਰਿਸ ਹਾਲਤ ’ਚ ਖੜ੍ਹੀ ਇਕ ਕਾਰ ਤੇ ਉਸ ਦੇ ਨੇੜੇ ਪਈਆਂ 21 ਥੈਲਿਆਂ ’ਚੋਂ 3 ਕੁਇੰਟਲ 78 ਕਿਲੋ ਭੂੱਕੀ ਬਰਾਮਦ ਕਰਕੇ ਨਾਮਾਲੂਮ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੈੱਕਪੋਸਟ ਕਾਲਾਝਾੜ ਦੇ ਇੰਚਾਰਜ ਸਬ ਇੰਸਪੈਕਟਰ ਗੁਰਦੇਵ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਚੰਨੋਂ ਵਿਖੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਪਿੰਡ ਚੰਨੋਂ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਸੂਚਨਾ ਦਿੱਤੀ ਕਿ ਪਿੰਡ ਦੇ ਇਕ ਕਿਸਾਨ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਸ ਦੇ ਖੇਤ ’ਚ ਇਕ ਕਾਰ ਖੜੀ ਹੈ ਤੇ ਕਾਰ ਦੇ ਨੇੜੇ ਕਾਲੇ ਰੰਗ ਦੇ ਪਲਾਸਟਿਕ ਦੇ ਥੈਲੇ ਵੀ ਪਏ ਹਨ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਅਧਾਰ ’ਤੇ ਉਨ੍ਹਾਂ ਤੁਰੰਤ ਉਕਤ ਖੇਤ ’ਚ ਜਾ ਕੇ ਜਦੋਂ ਥੈਲਿਆਂ ਨੂੰ ਚੈੱਕ ਕੀਤਾ ਤਾਂ ਇਨ੍ਹਾਂ ਥੈਲਿਆਂ ’ਚੋਂ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ।
ਉਨ੍ਹਾਂ ਦੱਸਿਆ ਕਿ ਇੱਥੋਂ ਖੇਤ ’ਚ ਕਾਰ ਦੇ ਨਜ਼ਦੀਕ ਪੁਲਸ ਨੂੰ 21 ਥੈਲਿਆਂ ’ਚੋਂ 3 ਕੁਇੰਟਲ 78 ਕਿੱਲੋ ਭੁੱਕੀ ਚੂਰਾ ਪੋਸਤ ਦੇ ਬਰਾਮਦ ਹੋਇਆ। ਪੁਲਸ ਨੇ ਭੂੱਕੀ ਤੇ ਕਾਰ ਨੂੰ ਆਪਣੇ ਕਬਜ਼ੇ ’ਚ ਲੈ ਕੇ ਨਾਮਾਲੂਮ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵੱਡੀ ਮਾਤਰਾਂ ’ਚ ਭੂੱਕੀ ਤੇ ਕਾਰ ਇਥੇ ਖੇਤਾਂ ’ਚ ਕਿਵੇ ਆਈ।