ਖਰੜ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅੱਜ ਖਰੜ ਤਹਿਸੀਲ ਕੰਪਲੈਕਸ ਦਾ ਅਚਾਨਕ ਦੌਰਾ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੜਤਾਲ ‘ਤੇ ਗਏ ਰੈਵਿਨਿਊ ਅਧਿਕਾਰੀ ਸਿੱਧਾ-ਸਿੱਧਾ ਕਹਿ ਰਹੇ ਹਨ ਕਿ ਵਿਜੀਲੈਂਸ ਨੇ ਜਿਹੜੇ ਸਾਡੇ ਅਧਿਕਾਰੀ ਭ੍ਰਿਸ਼ਟਾਚਾਰ ‘ਚ ਫੜ੍ਹੇ ਹਨ, ਉਹ ਮਾਮਲਾ ਕਲੀਅਰ ਕਰੋ ਤਾਂ ਅਸੀਂ ਕੰਮ ਕਰਾਂਗੇ ਪਰ ਸਾਡੀ ਸਰਕਾਰ ਜ਼ੀਰੋ ਟਾਲਰੈਂਸ ਦੀ ਨੀਤੀ ‘ਤੇ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਇਹ ਅਧਿਕਾਰੀ ਸਮੂਹਿਕ ਛੁੱਟੀ ਲੈ ਕੇ ਕਹਿੰਦੇ ਹਨ ਕਿ ਅਸੀਂ ਲੋਕਾਂ ਦਾ ਕੰਮ ਰੋਕ ਦਿਆਂਗੇ ਤਾਂ ਅਸੀਂ ਸਾਰੇ ਪੰਜਾਬ ਦੀਆਂ ਤਹਿਸੀਲਾਂ ‘ਚ ਨਾਇਬ ਤਹਿਸੀਲਦਾਰਾਂ ਨੂੰ, ਕਾਨੂੰਗੋ ਨੂੰ ਅਤੇ ਹੋਰਾਂ ਨੂੰ ਵੀ ਰਜਿਸਟਰੀ ਕਰਨ ਦਾ ਅਧਿਕਾਰ ਦੇ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਲੋੜ ਪਈ ਤਾਂ ਅਸੀਂ ਪ੍ਰਿੰਸੀਪਲਾਂ ਅਤੇ ਹੈੱਡਮਾਸਟਰਾਂ ਨੂੰ ਵੀ ਇਹ ਅਧਿਕਾਰ ਦੇ ਦੇਵਾਂਗੇ ਪਰ ਇਹ ਲੋਕ ਇਹ ਨਾ ਸਮਝਣ ਕਿ ਇਹ ਸਰਕਾਰ ਨੂੰ ਬਲੈਕਮੇਲ ਕਰ ਲੈਣਗੇ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਦੀਆਂ ਕੋਈ ਜਾਇਜ਼ ਮੰਗ ਹੋਣ ਤਾਂ ਮੈਂ ਮੰਨ ਲਵਾਂ। ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਨਾ ਮੈਂ ਜ਼ਿੰਦਗੀ ‘ਚ ਕੋਈ ਪੈਸਾ ਖਾਧਾ ਹੈ ਅਤੇ ਨਾ ਹੀ ਮੇਰੇ ‘ਤੇ ਕੋਈ ਇਲਜ਼ਾਮ ਹੈ। ਜੇਕਰ ਉਕਤ ਅਧਿਕਾਰੀ ਸਮੂਹਿਕ ਛੁੱਟੀ ਤੋਂ ਨਹੀਂ ਆਉਂਦੇ ਤਾਂ ਸਮੂਹਿਕ ਛੁੱਟੀ ਉਨ੍ਹਾਂ ਨੂੰ ਮੁਬਾਰਕ, ਸਾਡੇ ਕੋਲ ਹਰ ਬੜੇ ਨਵੇਂ ਬੰਦੇ ਹਨ, ਅਸੀਂ ਉਨ੍ਹਾਂ ਨੂੰ ਰੱਖ ਲਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਸਮੂਹਿਕ ਛੁੱਟੀ ‘ਤੇ ਜਾਣ ਵਾਲਿਆਂ ‘ਤੇ ਕਿਸੇ ਤਰ੍ਹਾਂ ਦੀ ਨਰਮਾਈ ਨਹੀਂ ਵਰਤੀ ਜਾਵੇਗੀ।
ਜੇਕਰ ਉਹ ਬਿਲਕੁਲ ਆਪਣੀ ਜਗ੍ਹਾ ‘ਤੇ ਸਹੀ ਹਨ ਤਾਂ ਸਮੂਹਿਕ ਛੁੱਟੀ ਵਾਪਸ ਨਾ ਲੈਣ ਕਿਉਂਕਿ ਮੇਰੇ ਕੋਲ ਹਜ਼ਾਰਾਂ ਮੁੰਡੇ-ਕੁੜੀਆਂ ਦੀਆਂ ਅਰਜ਼ੀਆਂ ਪਈਆਂ ਹਨ, ਜਿਹੜੇ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਬਣਨ ਲਈ ਤਿਆਰ ਹਨ। ਮੁੱਖ ਮੰਤਰੀ ਮਾਨ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਅਗਲੀ ਕੈਬਨਿਟ ਮੀਟਿੰਗ ‘ਚ ਨਵੇਂ ਤਹਿਸੀਲਦਾਰਾਂ ਤੇ ਪਟਵਾਰੀਆਂ ਦੀਆਂ ਭਰਤੀਆਂ ਵਾਸਤੇ ਏਜੰਡਾ ਲੈ ਕੇ ਆਵਾਂਗੇ।