ਚੰਡੀਗੜ੍ਹ: ਸਿਹਤ ਵਿਭਾਗ ਪਿਛਲੇ ਕਾਫੀ ਸਮੇਂ ਤੋਂ ਮੈਡੀਕਲ ਅਫ਼ਸਰਾਂ ਅਤੇ ਸਪੈਸ਼ਲਿਸਟਾਂ ਦੀ ਕਮੀ ਝੱਲ ਰਿਹਾ ਹੈ। ਵਿਭਾਗ ਨੇ ਹਾਲ ਹੀ ‘ਚ ਮੈਡੀਕਲ ਅਫ਼ਸਰਾਂ ਲਈ 18 ਅਤੇ ਸਪੈਸ਼ਲਿਸਟਾਂ ਲਈ 16 ਅਸਾਮੀਆਂ ਲਈ ਇਸ਼ਤਿਹਾਰ ਦਿੱਤਾ ਸੀ, ਜਿਨ੍ਹਾਂ ਵਿਚੋਂ 10 ਅਸਾਮੀਆਂ ਗਾਇਨੀਕਾਲੋਜੀ ਵਿਭਾਗ ਲਈ ਹਨ। ਇਸ ਤੋਂ ਇਲਾਵਾ ਰੇਡੀਓਲੋਜੀ, ਮਾਈਕ੍ਰੋਬਾਇਓਲੋਜੀ, ਐਪੀਡੈਮੀਓਲੋਜੀ (ਮਹਾਮਾਰੀ ਵਿਗਿਆਨ) ਅਤੇ ਹਰ ਵਿਭਾਗ ‘ਚ ਇਕ ਐਨਸਥੀਸੀਆ ਨੂੰ ਨਿਯੁਕਤ ਕੀਤਾ ਜਾਵੇਗਾ। ਇਹ ਸਾਰੀਆਂ ਅਸਾਮੀਆਂ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਠੇਕੇ ‘ਤੇ ਹਨ। ਖ਼ਾਸ ਗੱਲ ਇਹ ਹੈ ਕਿ ਵਿਭਾਗ ਨੇ ਪਿਛਲੇ ਸਾਲ ਮੈਡੀਕਲ ਅਫ਼ਸਰਾਂ ਅਤੇ ਸਪੈਸ਼ਲਿਸਟਾਂ ਦੀ ਨਿਯੁਕਤੀ ਲਈ ਇਸ਼ਤਿਹਾਰ ਦਿੱਤਾ ਸੀ। ਇਸ ‘ਚ ਜੀ. ਐੱਮ. ਐੱਸ. ਐੱਚ. ਸਿਵਲ ਹਸਪਤਾਲ ਮਨੀਮਾਜਰਾ, ਸੈਕਟਰ-45 ਅਤੇ ਸੈਕਟਰ-22 ਦੇ ਹਸਪਤਾਲਾਂ ‘ਚ ਇਸ਼ਤਿਹਾਰ ਦੇਣ ਦੇ ਬਾਵਜੂਦ ਕਿਸੇ ਨੇ ਵੀ ਕੋਈ ਦਿਲਚਸਪੀ ਨਹੀਂ ਦਿਖਾਈ। ਹਸਪਤਾਲ ਪ੍ਰਸ਼ਾਸਨ ਅਨੁਸਾਰ ਘੱਟ ਤਨਖ਼ਾਹ ਇੱਕ ਵੱਡਾ ਕਾਰਨ ਹੈ, ਜਿਸ ਕਾਰਨ ਡਾਕਟਰ ਆਉਣ ਲਈ ਤਿਆਰ ਨਹੀਂ ਹਨ। ਜੇਕਰ ਕੋਈ ਡਾਕਟਰ ਨਿਯੁਕਤ ਹੁੰਦਾ ਵੀ ਹੈ ਤਾਂ ਉਹ ਜ਼ਿਆਦਾ ਦੇਰ ਤੱਕ ਨਹੀਂ ਰਹਿੰਦਾ। ਇਸ ਲਈ ਇਸ ਸਾਲ ਇਨ੍ਹਾਂ ਅਸਾਮੀਆਂ ਦਾ ਇਸ਼ਤਿਹਾਰ 60 ਫ਼ੀਸਦੀ ਤੱਕ ਤਨਖ਼ਾਹ ਵਾਧੇ ਨਾਲ ਦਿੱਤਾ ਗਿਆ ਹੈ।