ਲਖਨਊ- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਵਿਚ ਸੂਬਾ ਪੁਲਸ ਦੀ ਸਪੈਸ਼ਲ ਟਾਸਕ ਫ਼ੋਰਸ ਅਤੇ ਪੰਜਾਬ ਪੁਲਸ ਦੇ ਸਾਂਝੇ ਆਪ੍ਰੇਸ਼ਨ ਵਿਚ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ISI ਨਾਲ ਕਥਿਤ ਸਬੰਧ ਰੱਖਣ ਵਾਲੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਇਕ ਸਰਗਰਮ ਅੱਤਵਾਦੀ ਨੂੰ ਤੜਕਸਾਰ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ADGP ਲਾਅ ਐਂਡ ਆਰਡਰ ਅਮਿਤਾਭ ਯਸ਼ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਕੁਰਲੀਆਨ ਪਿੰਡ ਦੇ ਰਹਿਣ ਵਾਲੇ ਮੁਲਜ਼ਮ ਲਾਜਰ ਮਸੀਹ ਨੂੰ ਤੜਕਸਾਰ ਤਕਰੀਬਨ 3.20 ਵਜੇ ਕੌਸ਼ਾਂਬੀ ਜ਼ਿਲ੍ਹੇ ਦੇ ਕੋਖਰਾਜ ਥਾਣਾ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਯਸ਼ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਅੱਤਵਾਦੀ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਜਰਮਨੀ ਸਥਿਤ ਮਾਡਿਊਲ ਦੇ ਮੁਖੀ ਸਵਰਨ ਸਿੰਘ ਉਰਫ਼ ਜੀਵਨ ਫ਼ੌਜੀ ਲਈ ਕੰਮ ਕਰਦਾ ਹੈ ਤੇ ਪਾਕਿਸਤਾਨ ਸਥਿਤ ISI ਦੇ ਗੁਰਗਿਆਂ ਨਾਲ ਸਿੱਧੇ ਸੰਪਰਕ ਵਿਚ ਹੈ। ADGP ਨੇ ਦੱਸਿਆ ਕਿ ਉੱਤਰ ਪ੍ਰਦੇਸ਼ STF ਨੇ ਫੜੇ ਗਏ ਅੱਤਵਾਦੀਆਂ ਕੋਲੋਂ ਕੁਝ ਵਿਸਫੋਟਕ ਸਮੱਗਰੀ ਦੇ ਨਾਲ ਹਥਿਆਰ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਬਰਾਮਦ ਹਥਿਆਰਾਂ ਵਿਚ 3 ਹੈਂਡ ਗ੍ਰਨੇਡ, 2 ਡੈਟੋਨੇਟਰ, ਇਕ ਵਿਦੇਸ਼ੀ ਪਿਸਤੌਲ ਨੋਰਿੰਕੋ ਐੱਮ-54 ਟੋਕਰੇਵ (USSR) ਦੇ ਨਾਲ-ਨਾਲ ਵਿਦੇਸ਼ ਵਿਚ ਬਣੇ 13 ਕਾਰਤੂਸ ਸ਼ਾਮਲ ਹਨ। ਇਸ ਤੋਂ ਇਲਾਵਾ ਉਸ ਕੋਲੋਂ ਚਿੱਟੇ ਰੰਗ ਦਾ ਵਿਸਫੋਟਕ ਪਾਊਡਰ, ਇਕ ਅਧਾਰ ਕਾਰਡ ਜਿਸ ‘ਤੇ ਗਾਜ਼ੀਆਬਾਦ ਦਾ ਪਤਾ ਹੈ, ਬਿਨਾ ਸਿਮ ਕਾਰਡ ਵਾਲਾ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਗਿਆ ਹੈ। ਯਸ਼ ਨੇ ਦੱਸਿਆ ਕਿ ਇਹ ਅੱਤਵਾਦੀ 24 ਸਤੰਬਰ 2024 ਨੂੰ ਪੰਜਾਬ ਵਿਚੋਂ ਨਿਆਂਇਕ ਹਿਰਸਾਤ ਵਿਚੋਂ ਫ਼ਰਾਰ ਹੋ ਗਿਆ ਸੀ।