ਜਲੰਧਰ –ਪੰਜਾਬ ਸਰਕਾਰ ਵੱਲੋਂ ਰੈਵੇਨਿਊ ਵਿਭਾਗ ਵਿਚ ਵੱਡੇ ਪੱਧਰ ‘ਤੇ ਹਿਲਜੁੱਲ ਕੀਤੀ ਜਾ ਰਹੀ ਹੈ। ਪਹਿਲਾਂ ਸਰਕਾਰ ਦੇ ਹੁਕਮਾਂ ਦਾ ਪਾਲਣ ਨਾ ਕਰਨ ਵਾਲੇ ਤਹਿਸੀਲਾਦਾਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਫ਼ਿਰ ਵਿਭਾਗ ਵਿਚ ਵੱਡੇ ਪੱਧਰ ‘ਤੇ ਬਦਲੀਆਂ ਕੀਤੀਆਂ ਗਈਆਂ ਸਨ। ਇਸ ਮਗਰੋਂ ਹੁਣ ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ 5 ਕਾਨੂੰਗੋਆਂ ਨੂੰ ਸਬ ਰਜਿਸਟਰਾਰ ਤਾਇਨਾਤ ਕਰ ਦਿੱਤਾ ਗਿਆ ਹੈ।ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਮਨਮੋਹਨ ਸਿੰਘ, ਅਵਨਿੰਦਰ ਸਿੰਘ, ਹੁਸਨ ਲਾਲ, ਨਰੇਸ਼ ਕੁਮਾਰ ਤੇ ਵਰਿੰਦਰ ਕੁਮਾਰ ਨੂੰ ਜਲੰਧਰ-1, ਜਲੰਧਰ-2, ਨਕੋਦਰ, ਫ਼ਿਲੌਰ ਤੇ ਸ਼ਾਹਕੋਟ ਦੇ ਸਬ-ਰਜਿਸਟਰਾਰ ਵਜੋਂ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਨੂੰ ਅਗਲੇ ਹੁਕਮਾਂ ਤਕ ਰਜਿਸਟਰੀਆਂ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ।
ਦੱਸ ਦਈਏ ਕਿ ਇੱਥੇ ਤਾਇਨਾਤ ਪਹਿਲੇ ਤਹਿਸਲੀਦਾਰਾਂ ਦੀ ਬਦਲੀ ਹੋਣ ਮਗਰੋਂ ਉਹ ਕੱਲ੍ਹ ਸ਼ਾਮ ਨੂੰ ਰਿਲੀਵ ਹੋ ਚੁੱਕੇ ਹਨ। ਇਸ ਦੌਰਾਨ ਲੋਕਾਂ ਦੇ ਕੰਮ ਨਾ ਰੁਕਣ ਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਖੱਜਲ ਖੁਆਰੀ ਨਾ ਹੋਵੇ, ਇਸ ਲਈ 5 ਕਾਨੂੰਗੋਆਂ ਨੂੰ ਰਜਿਸਟਰੀਆਂ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।