ਸੋਨੀਪਤ- ਹਰਿਆਣਾ ਦੇ ਸੋਨੀਪਤ ਤੋਂ ਬਹੁਤ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਨੌਜਵਾਨ ਵਲੋਂ ਪਰੇਸ਼ਾਨ ਕੀਤੇ ਜਾਣ ਤੋਂ ਬਾਅਦ ਇੱਥੇ ਗਨੌਰ ‘ਚ ਇਕ ਕੁੜੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਖੁਦਕੁਸ਼ੀ ਕਰ ਲਈ। ਕੁੜੀ ਦੇ ਪਿਤਾ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਨੌਜਵਾਨ ਅਤੇ ਉਸ ਦੇ 2 ਸਾਥੀਆਂ ‘ਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ‘ਚੋਂ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸੋਨੀਪਤ ਦੀ ਸਰਕਾਰੀ ਰੇਲਵੇ ਪੁਲਸ ਦੇ ਸਟੇਸ਼ਨ ਹਾਊਸ ਅਫ਼ਸਰ ਜੋਗਿੰਦਰ ਸਿੰਘ ਨੇ ਦੱਸਿਆ,”ਕੁੜੀ ਨੇ ਬੁੱਧਵਾਰ ਨੂੰ ਗਨੌਰ ਕੋਲ ਵੰਦੇ ਭਾਰਤ ਟਰੇਨ ਅੱਗੇ ਛਾਲ ਮਾਰ ਦਿੱਤੀ। ਉਸ ਦੇ ਪਰਿਵਾਰ ਅਨੁਸਾਰ, ਉਸ ਦੇ ਪਿੰਡ ਦੇ ਹੀ ਇਕ ਨੌਜਵਾਨ ਨੇ ਉਸ ਨੂੰ ਪਰੇਸ਼ਾਨ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ।”
ਉਨ੍ਹਾਂ ਦੱਸਿਆ,”ਨੌਜਵਾਨ ਦੇ 2 ਸਾਥੀਆਂ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਤਿੰਨਾਂ ਦੋਸ਼ੀਆਂ ‘ਤੇ ਖ਼ੁਦਕੁਸ਼ੀ ਲਈ ਉਕਸਾਉਣ ਸਮੇਤ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।” ਉਨ੍ਹਾਂ ਦੱਸਿਆ ਕਿ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ 12ਵੀਂ ਜਮਾਤ ਦੀ ਵਿਦਿਆਰਥਣ ਦੇ ਪਰਿਵਾਰ ਨੇ ਉਸ ਦੀ ਲਾਸ਼ ਦੀ ਪਛਾਣ ਕੀਤੀ।