ਕੋਲੰਬੋ- ਸ਼੍ਰੀਲੰਕਾ ਦੀ ਜਲ ਸੈਨਾ ਨੇ ਆਪਣੇ ਸਮੁੰਦਰੀ ਖੇਤਰ ਵਿੱਚ ਗੈਰ-ਕਾਨੂੰਨੀ ਮੱਛੀਆਂ ਫੜਨ ਦੇ ਦੋਸ਼ ਵਿੱਚ 14 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੀ ਇੱਕ ਕਿਸ਼ਤੀ ਨੂੰ ਜ਼ਬਤ ਕਰ ਲਿਆ। ਜਲ ਸੈਨਾ ਅਨੁਸਾਰ ਇਨ੍ਹਾਂ ਮਛੇਰਿਆਂ ਨੂੰ ਵੀਰਵਾਰ ਨੂੰ ਮੰਨਾਰ ਦੇ ਦੱਖਣੀ ਸਮੁੰਦਰੀ ਖੇਤਰ ਵਿੱਚ ਇੱਕ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਫੜਿਆ ਗਿਆ। ਸ਼੍ਰੀਲੰਕਾਈ ਜਲ ਸੈਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਛੇਰਿਆਂ ਨੂੰ ਮੰਨਾਰ ਦੇ ਤਾਲਾਪਾਡੂ ਪੀਅਰ ‘ਤੇ ਲਿਆਂਦਾ ਗਿਆ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਲਈ ਮੱਛੀ ਪਾਲਣ ਇੰਸਪੈਕਟਰ, ਮੰਨਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ। ਜਲ ਸੈਨਾ ਦਾ ਕਹਿਣਾ ਹੈ ਕਿ ਉਹ ਵਿਦੇਸ਼ੀ ਕਿਸ਼ਤੀਆਂ ਦੁਆਰਾ ਗੈਰ-ਕਾਨੂੰਨੀ ਮੱਛੀਆਂ ਫੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਨਿਯਮਤ ਗਸ਼ਤ ਅਤੇ ਕਾਰਵਾਈਆਂ ਕਰਦੀ ਹੈ ਕਿਉਂਕਿ ਇਹ ਸਥਾਨਕ ਮਛੇਰਿਆਂ ਦੀ ਰੋਜ਼ੀ-ਰੋਟੀ ਨੂੰ ਪ੍ਰਭਾਵਤ ਕਰਦੀ ਹੈ। ਇਸ ਤੋਂ ਪਹਿਲਾਂ 23 ਫਰਵਰੀ ਨੂੰ ਸ਼੍ਰੀਲੰਕਾ ਵਿੱਚ 32 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੰਜ ਕਿਸ਼ਤੀਆਂ ਜ਼ਬਤ ਕੀਤੀਆਂ ਗਈਆਂ ਸਨ।