ਪੰਜਾਬ ’ਚ ਚੋਣ ਪ੍ਰਚਾਰ ਲਈ ਆਮ ਆਦਮੀ ਪਾਰਟੀ ਨੇ ਦਿਨ-ਰਾਤ ਇੱਕ ਕੀਤਾ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਲਈ ਵੱਖ-ਵੱਖ ਥਾਵਾਂ ’ਤੇ ਜਾ ਕੇ ਜਨਤਾ ਦੇ ਸਨਮੁੱਖ ਹੋ ਰਹੇ ਹਨ। ਇਸੇ ਤਰ੍ਹਾਂ ਸੀਐੱਮ ਮਾਨ ਅੱਜ ਚੋਣ ਪ੍ਰਚਾਰ ਲਈ ਸੰਗਰੂਰ ਪਹੁੰਚੇ। ਜਿੱਥੇ ਧੂਰੀ ਦੇ ਵਿੱਚ ਸੰਬੋਧਨ ਕਰਦੇ ਹੋਏ ਸੀਐੱਮ ਮਾਨ ਨੇ ਇੱਕ ਵੱਡਾ ਐਲਾਨ ਕੀਤਾ। ਸੀਐੱਮ ਮਾਨ ਨੇ ਕਿਹਾ ਕਿ ਹੁਣ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਨਹੀਂ ਬਲਕਿ 1100 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਇਸ ਐਲਾਨ ’ਤੇ ਕੰਮ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਔਰਤਾਂ ਦੇ ਖਾਤੇ ’ਚ ਪੈਸੇ ਪਾਏ ਜਾਣਗੇ। ਜਦੋਂ ਇੱਕ ਵਾਰ ਔਰਤਾਂ ਦੇ ਖਾਤੇ ’ਚ ਪੈਸੇ ਆਉਣੇ ਸ਼ੁਰੂ ਹੋ ਗਏ ਤਾਂ ਇਹ ਕਦੇ ਬੰਦ ਨਹੀਂ ਹੋਣਗੇ। ਜਿਵੇਂ ਕਿ ਪਿਛਲੀਆਂ ਸਰਕਾਰਾਂ ਨੇ ਕੀਤਾ, ਅਸੀਂ ਚਾਹੁੰਦੇ ਤਾਂ ਚੋਣਾਂ ਤੋਂ ਪਹਿਲਾਂ ਔਰਤਾਂ ਦੇ ਖਾਤੇ ’ਚ ਪੈਸੇ ਪਾ ਸਕਦੇ ਸੀ। ਫਿਰ ਚੋਣਾਂ ਤੋਂ ਬਾਅਦ ਪੈਸੇ ਪਾਉਣਾ ਬੰਦ ਕਰ ਸਕਦੇ ਸੀ। ਪਰ ਜਦੋਂ ਅਸੀਂ ਇਸ ਯੋਜਨਾ ਨੂੰ ਸ਼ੁਰੂ ਕਰਾਂਗੇ ਤਾਂ ਇਹ ਰੁਕੇਗੀ ਨਹੀਂ।
ਇਸ ਦੇ ਨਾਲ ਹੀ ਸੀਐੱਮ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਖੇਤਾਂ ਨੂੰ ਨਹਿਰੀ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਇਸ ਨਾਲ ਟਿਊਬਵੈੱਲ ਬੰਦ ਹੋਣਗੇ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਮਦਦ ਮਿਲੇਗੀ। 70 ਫੀਸਦੀ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ। ਜਿਵੇਂ ਹੀ ਟੀਚਾ ਪੂਰਾ ਹੋਵੇਗਾ ਪੰਜਾਬ ਦੇ 14.5 ਲੱਖ ਟਿਊਬਵੈੱਲਾਂ ਵਿੱਚੋਂ 5 ਲੱਖ ਦੇ ਕਰੀਬ ਟਿਊਬਵੈੱਲ ਬੰਦ ਹੋ ਜਾਣਗੇ। ਸਰਕਾਰ ਕਿਸਾਨਾਂ ਨੂੰ ਝੋਨੇ ਲਈ ਬਿਜਲੀ ਸਬਸਿਡੀ ਲਈ 18 ਹਜ਼ਾਰ ਕਰੋੜ ਰੁਪਏ ਦਿੰਦੀ ਹੈ। 5 ਲੱਖ ਟਿਊਬਵੈੱਲ ਬੰਦ ਹੁੰਦੇ ਹੀ 6-7 ਹਜ਼ਾਰ ਕਰੋੜ ਰੁਪਏ ਦੀ ਬਚਤ ਹੋਵੇਗੀ। ਇਹੀ ਰਕਮ ਮਾਵਾਂ-ਭੈਣਾਂ ਦੇ ਖਾਤਿਆਂ ’ਚ ਜਮ੍ਹਾਂ ਕਰਵਾਈ ਜਾਵੇਗੀ।