ਚੰਡੀਗੜ੍ਹ/ਤਰਨਤਾਰਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਾ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਅੱਜ ਤਰਨ-ਤਾਰਨ ਪੁਲਸ ਨੇ ਅਮਰੀਕਾ ਦੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਨੂੰ ਲੋੜੀਂਦੇ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਹਿਚਾਨ ਸ਼ਹਿਨਾਜ਼ ਉਰਫ਼ ਸ਼ੌਨ ਭਿੰਡਰ ਵੱਜੋਂ ਹੋਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਸਵਪਨ ਸ਼ਰਮਾ (ਆਈ.ਪੀ.ਐੱਸ.) ਨੇ ਦੱਸਿਆ ਕਿ ਦੋਸ਼ੀ ਪਿੰਡ ਮੰਡਿਆਲਾ, ਥਾਣਾ ਘੁਮਾਣ, ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਉਹ ਇਸ ਸਮੇਂ ਕੈਨੇਡਾ ਵਿੱਚ ਬਰੈਂਪਟਨ, ਓਨਟਾਰੀਓ ਵਿੱਚ ਰਹਿ ਰਿਹਾ ਸੀ।
ਡੀ.ਆਈ.ਜੀ. ਸ਼ਰਮਾ ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਐੱਫ.ਬੀ.ਆਈ. ਨੇ ਅਮਰੀਕਾ ‘ਚ ਸ਼ਾਨ ਭਿੰਡਰ ਦੇ ਛੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦੇ ਕਬਜ਼ੇ ਵਿੱਚੋਂ 391 ਕਿਲੋਗ੍ਰਾਮ ਮੈਥਾਮਫੇਟਾਮਾਈਨ, 109 ਕਿਲੋਗ੍ਰਾਮ ਕੋਕੀਨ, ਚਾਰ ਆਧੁਨਿਕ ਹਥਿਆਰ ਅਤੇ ਵਾਹਨ ਵੀ ਬਰਾਮਦ ਕੀਤੇ ਗਏ ਸਨ । ਹਾਲਾਂਕਿ ਦੋਸ਼ੀ (ਸ਼ੌਨ) ਐੱਫ.ਬੀ.ਆਈ. ਦੇ ਅਧਿਕਾਰੀਆਂ ਨੂੰ ਝਕਾਨੀ ਦੇ ਕੇ ਭਾਰਤ ਪਰਤ ਗਿਆ ਸੀ ਪਰ ਇਸ ਸਬੰਧੀ ਪੁਖਤਾ ਖੁਫਿਆ ਜਾਣਕਾਰੀ ਮੁਹੱਇਆ ਹੋਣ ‘ਤੇ ਤਰਨ ਤਾਰਨ ਪੁਲਸ ਨੇ ਬਿਨਾਂ ਸਮਾਂ ਗੁਵਾਇਆ ਦੋਸ਼ੀ ਨੂੰ ਲੁਧਿਆਣੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ ।
ਸਵਪਨ ਸ਼ਰਮਾ ਨੇ ਦੱਸਿਆ ਕਿ ਡੀ.ਜੀ.ਪੀ. ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਤਰਨਤਾਰਨ ਪੁਲਸ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਐੱਸ. ਐੱਸ. ਪੀ. ਤਰਨਤਾਰਨ ਅਭਿਮਨਿਊ ਰਾਣਾ (ਆਈ. ਪੀ. ਐੱਸ) ਅਤੇ ਡੀ. ਐੱਸ. ਪੀ. ਸਪੈਸ਼ਲ ਕਰਾਈਮ ਗੁਰਿੰਦਰਪਾਲ ਸਿੰਘ ਨਾਗਰਾ ਦੀ ਅਗਵਾਈ ਹੇਠ ਪੁਲਸ ਦੀ ਟੀਮ ਨੇ ਮੁਲਜ਼ਮ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਹੈ। ਐੱਫ. ਬੀ. ਆਈ. ਵੱਲੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਹੋਰ ਛੇ ਮੁਲਜ਼ਮਾਂ ਵਿੱਚ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਉਰਫ਼ ਬੱਲ, ਅੰਮ੍ਰਿਤਪਾਲ ਸਿੰਘ ਉਰਫ਼ ਚੀਮਾ, ਤਕਦੀਰ ਸਿੰਘ ਉਰਫ਼ ਰੋਮੀ, ਸਰਬਜੀਤ ਸਿੰਘ ਸਾਬੀ, ਫਰਨਾਂਡੋ ਵੇਲਾਡੇਰਿਸ ਉਰਫ਼ ਫ੍ਰੈਂਕੋ ਅਤੇ ਗੁਰਲਾਲ ਸਿੰਘ ਸ਼ਾਮਲ ਹਨ।