ਲੋਕ ਸਭਾ ਚੋਣਾਂ ਦੇ ਚੱਲਦੇ ਭਾਜਪਾ ਦੀ ਕੇਂਦਰ ਸਰਕਾਰ ’ਤੇ ਵਿਰੋਧੀਆਂ ਵੱਲੋਂ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਆਦਿਵਾਸੀਆਂ ਲਈ ਰਾਖਵੇਂਕਰਨ ਨੂੰ ਖ਼ਤਮ ਕਰਨ ਦੀ ਕੋਸ਼ਿਸ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਇਸ ਵਿਚਾਲੇ ਇੱਕ ਵਾਰ ਫਿਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ ’ਤੇ ਇਲਜ਼ਾਮਾਂ ਨੂੰ ਦੌਹਰਾਇਆ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਵਾਅਦਾ ਕੀਤਾ ਕਿ ਜੇਕਰ ਇੰਡਆ ਗਠਜੋੜ ਸੱਤਾ ਵਿੱਚ ਆਇਆ ਤਾਂ ਰਿਜ਼ਰਵੇਸ਼ਨ ਵਿੱਚ 50 ਫੀਸਦ ਵਾਧਾ ਕੀਤਾ ਜਾਵੇਗਾ।
ਦਰਅਸਲ ਰਾਹੁਲ ਗਾਂਧੀ ਬਾਂਸਗਾਂਵ ‘ਚ ਇੰਡੀਆ ਗਠਜੋੜ ਦੀ ਭਾਈਵਾਲ ਸਪਾ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਸਾਂਝੀ ਰੈਲ੍ਹੀ ਕਰ ਰਹੇ ਸੀ। ਇਸ ਦੌਰਾਨ ਰਾਹੁਲ ਗਾਂਧੀ ਨੇ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਭਾਜਪਾ ‘ਤੇ ਸੰਵਿਧਾਨ ਨੂੰ ਬਦਲਣ ਅਤੇ ਰਾਖਵੇਂਕਰਨ ਨੂੰ ਖਤਮ ਕਰਨ ਦੀ ਤਿਆਰੀ ਦੇ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਕਹਿ ਰਹੇ ਹਨ ਕਿ ਉਹ ਅੰਬੇਡਕਰ ਜੀ ਦੇ ਕੰਮ ਅਤੇ ਸੁਪਨੇ ਨੂੰ ਪਾੜ ਦੇਣਗੇ। ਪਰ ਅੰਬੇਡਕਰ ਜੀ ਦੇ ਸੰਵਿਧਾਨ ਨੂੰ, ਗਾਂਧੀ ਜੀ ਅਤੇ ਨਹਿਰੂ ਜੀ ਦੇ ਸੰਵਿਧਾਨ ਨੂੰ ਕੋਈ ਸ਼ਕਤੀ ਪਾੜ ਨਹੀਂ ਸਕਦੀ।
ਰਾਹੁਲ ਗਾਂਧੀ ਨੇ ਕਿਹਾ ਕਿ ਇੰਡੀਆ ਗਠਜੋੜ ਸੰਵਿਧਾਨ ਦੀ ਰੱਖਿਆ ਕਰੇਗਾ। ਅਸੀਂ ਮਾਰੇ ਜਾਵਾਂਗੇ, ਕੱਟੇ ਜਾਵਾਂਗੇ ਪਰ ਸੰਵਿਧਾਨ ਨੂੰ ਬਦਲਣ ਨਹੀਂ ਦੇਵਾਂਗੇ। ਇਹ ਚੋਣ ਵਿਚਾਰਧਾਰਾਵਾਂ ਦੀ ਲੜਾਈ ਹੈ। ਇੱਕ ਪਾਸੇ ਇੰਡੀਆ ਗਠਜੋੜ ਅਤੇ ਸੰਵਿਧਾਨ ਹੈ ਤੇ ਦੂਜੇ ਪਾਸੇ ਉਹ ਲੋਕ ਹਨ ਜੋ ਦੇਸ਼ ਦੇ ਸੰਵਿਧਾਨ ਨੂੰ ਰੱਦ ਕਰਨਾ ਚਾਹੁੰਦੇ ਹਨ।
ਕੇਂਦਰ ਸਰਕਾਰ ਦੀ ਅਗਨੀਵੀਰ ਯੋਜਨਾ ਦਾ ਜ਼ਿਕਰ ਕਰਦਿਆਂ ਰਾਹੁਲ ਗਾਂਧੀ ਨੇ ਤਿੱਖਾ ਸ਼ਬਦੀ ਹਮਲਾ ਕੀਤਾ। ਉਨ੍ਹਾਂ ਕਿਹਾ, ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਨਰਿੰਦਰ ਮੋਦੀ ਜੀ ਨੇ ਫੌਜ ਦੇ ਜਵਾਨਾਂ ਨੂੰ ਮਜ਼ਦੂਰਾਂ ਵਿੱਚ ਤਬਦੀਲ ਕੀਤਾ ਹੈ। ਉਨ੍ਹਾਂ ਨੂੰ ਪੈਨਸ਼ਨ, ਸ਼ਹੀਦ ਦਾ ਦਰਜਾ ਅਤੇ ਕੰਟੀਨ ਨਹੀਂ ਦਿੱਤੀ ਜਾ ਰਹੀ। ਪਰ ਇੰਡੀਆ ਗਠਜੋੜ ਸਰਕਾਰ ਅਗਨੀਵੀਰ ਯੋਜਨਾ ਨੂੰ ਰੱਦ ਕਰ ਦੇਵੇਗਾ। ਇਹ ਫੌਜ ਦੀ ਯੋਜਨਾ ਨਹੀਂ ਹੈ। ਇਹ ਨਰਿੰਦਰ ਮੋਦੀ ਜੀ ਦੀ ਯੋਜਨਾ ਹੈ। ਜੋ ਕਿ ਫ਼ੌਜ, ਦੇਸ਼ ਭਗਤਾਂ ਅਤੇ ਸੈਨਿਕਾਂ ਦਾ ਅਪਮਾਨ ਹੈ।