ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਸਾਬਕਾ ਪੰਚਾਇਤ ਮੈਂਬਰ ਨੂੰ 1 ਲੱਖ 40 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਵਿਭਾਗ ਦੇ ਮੁਤਾਬਕ ਇਹ ਕਾਰਵਾਈ ਸ਼ਿਕਾਇਤ ਦੇ ਆਧਾਰ ’ਤੇ ਸਾਬਕਾ ਪੰਚਾਇਤ ਮੈਂਬਰ ਕਰਨੈਲ ਸਿੰਘ ਵਾਸੀ ਪਿੰਡ ਦਿਉਗੜ੍ਹ, ਜ਼ਿਲ੍ਹਾ ਪਟਿਆਲਾ ਦੇ ਵਿਰੁੱਧ ਜਾਲ ਵਿਛਾ ਕੇ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਸੂਬੇ ਦੇ ਵਿਜੀਲੈਂਸ ਬਿਓਰੋ ਦੇ ਸਰਕਾਰੀ ਬੁਲਾਰੇ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਦੇ ਵਿਰੁੱਧ ਉਸਦੇ ਪਿੰਡ ਦੇ ਹੀ ਵਸਨੀਕ ਸ਼ੇਰਾ ਸਿੰਘ ਵੱਲੋਂ ਸ਼ਿਕਾਇਤ ਦਰਜ਼ ਕਰਵਾਈ ਗਈ ਸੀ। ਸ਼ਿਕਾਇਤ ’ਚ ਸ਼ੇਰਾ ਸਿੰਘ ਨੇ ਦੱਸਿਆ ਕਿ ਉਸ ਦੇ ਖ਼ਿਲਾਫ਼ ਥਾਣਾ ਘੱਗਾ, ਜ਼ਿਲਾ ਪਟਿਆਲਾ ਵਿਖੇ ਐਨਡੀਪੀਐਸ ਐਕਟ ਤਹਿਤ ਇੱਕ ਐਫਆਈਆਰ ਦਰਜ਼ ਹੈ। ਸ਼ੇਰਾ ਸਿੰਘ ਨੇ ਇਲਜ਼ਾਮ ਲਗਾਇਆ ਕਿ ਸੀਆਈਏ ਸਮਾਣਾ ਦੇ ਐਸਆਈ ਮਨਪ੍ਰੀਤ ਸਿੰਘ ਅਤੇ ਏਐਸਆਈ ਪ੍ਰਗਟ ਸਿੰਘ ਨੇ ਮਾਮਲਾ ਰਫਾ-ਦਫਾ ਕਰਨ ਲਈ 2 ਲੱਖ ਰੁਪਏ ਦੀ ਰਿਸ਼ਵਤ ਮੰਗੀ। ਪੁਲਿਸ ਅਧਿਕਾਰੀਆਂ ਵੱਲੋਂ ਇਹ ਰਕਮ ਆਪਣੇ ਜਾਣਕਾਰ ਉਕਤ ਵਿਅਕਤੀ ਕਰਨੈਲ ਸਿੰਘ ਨੂੰ ਸੌਂਪਣ ਲਈ ਕਿਹਾ ਗਿਆ ਸੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਉਕਤ ਮੁਲਜ਼ਮ ਕਰਨੈਲ ਸਿੰਘ ਨੂੰ ਰੰਗੇ ਹੱਥੀ ਰਿਸ਼ਵਤ ਲੈਂਦੇ ਕਾਬੂ ਕਰ ਲਿਆ। ਜਦੋਂ ਉਹ ਸ਼ਿਕਾਇਤਕਰਤਾ ਤੋਂ ਐਸ.ਆਈ. ਅਤੇ ਏ.ਐੱਸ.ਆਈ. ਦੀ ਤਰਫੋਂ 1,40,000 ਰੁਪਏ ਦੀ ਰਿਸ਼ਵਤ ਲੈ ਰਿਹਾ ਸੀ। ਫਿਲਹਾਲ ਇਸ ਸਬੰਧੀ ਮੁਲਜ਼ਮ ਕਰਨੈਲ ਸਿੰਘ ਖ਼ਿਲਾਫ਼ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਰੇਂਜ ’ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਮਾਮਲੇ ’ਚ ਇਸ ਸੰਬੰਧੀ ਅਗਲੇਰੀ ਤਫਤੀਸ਼ ਦੌਰਾਨ ਉਕਤ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਨਾਮਜ਼ਦ ਕੀਤਾ ਜਾਵੇਗਾ।