ਮੋਹਾਲੀ : ਸੈਕਟਰ-66 ਸਥਿਤ ਰਹਾਇਸ਼ੀ ਇਲਾਕੇ ‘ਚ ਵਾਹਨ ਪਾਰਕ ਕਰਨ ਦੀ ਗੱਲ ‘ਤੇ ਹੋਏ ਮਾਮੂਲੀ ਝਗੜੇ ਦੌਰਾਨ ਇੱਕ ਵਿਗਿਆਨੀ ਦੀ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਤਕਰੀਬਨ 10:30 ਵਜੇ ਅਭਿਸ਼ੇਕ (39) ਨਾਂ ਦੇ ਵਿਅਕਤੀ ਦੀ ਆਪਣੇ ਗੁਆਂਢੀ ਨਾਲ ਵਾਹਨ ਪਾਰਕ ਕਰਨ ਨੂੰ ਲੈ ਕੇ ਬਹਿਸ ਹੋਈ। ਬਹਿਸ ਦੌਰਾਨ ਦੋਹਾਂ ਵਿਚਕਾਰ ਹੱਥੋਪਾਈ ਹੋ ਗਈ, ਜਿਸ ਦੌਰਾਨ ਅਭਿਸ਼ੇਕ ਧੱਕੇ ਨਾਲ ਜ਼ਮੀਨ ‘ਤੇ ਡਿੱਗ ਪਿਆ। ਮੌਕੇ ‘ਤੇ ਮੌਜੂਦ ਲੋਕ ਅਭਿਸ਼ੇਕ ਨੂੰ ਤੁਰੰਤ ਫੋਰਟਿਸ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ।
ਜਾਣਕਾਰੀ ਮੁਤਾਬਕ ਅਭਿਸ਼ੇਕ ਇੰਡਿਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ, ਮੋਹਾਲੀ ‘ਚ ਵਿਗਿਆਨੀ ਵਜੋਂ ਕੰਮ ਕਰ ਰਿਹਾ ਸੀ। ਉਸਨੂੰ ਕਿਡਨੀ ਦੀ ਬਿਮਾਰੀ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਅਭਿਸ਼ੇਕ ਮੂਲ ਤੌਰ ‘ਤੇ ਝਾਰਖੰਡ ਦਾ ਰਹਿਣ ਵਾਲਾ ਸੀ। ਫੇਜ਼-11 ਥਾਣੇ ਦੇ ਇੰਚਾਰਜ ਗਗਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਭਿਸ਼ੇਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਪੁਲਸ ਨੇ ਦੋਸ਼ੀ ਖ਼ਿਲਾਫ਼ ਗੈਰ ਇਰਾਦਾ ਕਤਲ ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ ਹੈ।