ਅੰਮ੍ਰਿਤਸਰ- ਕੇਂਦਰੀ ਮੰਤਰੀ ਰਵਨੀਤ ਬਿੱਟੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ। ਇਸ ਮੌਕੇ ਉਨ੍ਹਾਂ ਨੇ ਕੀਰਤਨ ਸੁਣਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਵਨੀਤ ਬਿੱਟੂ ਨੇ ਗੁਰਦੁਆਰਾ ਸ਼ਹੀਦਾ ਸਾਹਿਬ ਵਿਖੇ ਰਖਾਏ ਗਏ ਅਖੰਡ ਪਾਠ ਦੇ ਭੋਗ ‘ਤੇ ਹਾਜ਼ਰੀ ਭਰੀ।
ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਵਾਹਿਗੁਰੂ ਦਾ ਅਸ਼ੀਰਵਾਦ ਲਿਆ ਅਤੇ ਅਰਦਾਸ ਕੀਤੀ ਕਿ ਸਾਰੇ ਪੰਜਾਬ ਦੇ ਲੋਕ ਹਮੇਸ਼ਾ ਲਈ ਖੁਸ਼ ਰਹਿਣ ਅਤੇ ਸੰਗਤ ਨੂੰ ਨਾਨਕਸ਼ਾਹੀ ਦੇ ਸੰਵਤ 557 ਦੀ ਵਧਾਈ ਵੀ ਦਿੱਤੀ ਅਤੇ ਪੰਜਾਬ ਲਈ ਅਰਦਾਸ ਵੀ ਕੀਤੀ।ਤਖ਼ਤਾਂ ਤੋਂ ਜਥੇਦਾਰਾਂ ਦੀ ਰਿਹਾਈ ਸੰਬੰਧੀ ਉਨ੍ਹਾਂ ਕਿਹਾ ਕਿ ਇਹ ਮਸਲੇ ਜਲਦੀ ਹੱਲ ਹੋਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬੀ ਤੇਜ਼ੀ ਨਾਲ ਦੂਜੇ ਧਰਮ ਵਿੱਚ ਤਬਦੀਲ ਹੋ ਰਹੇ ਹਨ ਅਤੇ ਜੇਕਰ ਅਸੀਂ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ ਤਾਂ ਇਹ ਪੰਜਾਬੀਆਂ ਲਈ ਖ਼ਤਰੇ ਦੀ ਸਥਿਤੀ ਹੋਵੇਗੀ। ਗੁਰੂ ਸਾਹਿਬ ਤੋਂ ਉੱਪਰ ਕੋਈ ਨਹੀਂ ਹੈ ਅਤੇ ਸਾਰੇ ਸਿੱਖ ਪ੍ਰਚਾਰਕਾਂ ਅਤੇ ਇਤਿਹਾਸਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਪੰਥ ਨੂੰ ਇੱਕਜੁੱਟ ਕਰਨਾ ਚਾਹੀਦਾ ਹੈ।