ਆਮ ਪਾਰਟੀ ਵੱਲੋਂ ਪੰਜਾਬ ’ਚ ਜਿੱਥੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਤਾਂ ਉੱਥੇ ਹੀ ਵਿਰੋਧੀਆਂ ਦੇ ਵੀ ਖੂਬ ਰਗੜੇ ਲਗਾਏ ਜਾ ਰਹੇ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਆਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਮਲਵਿੰਦਰ ਸਿੰਘ ਕੰਗ ਲਈ ਨਵਾਂ ਗਾਓਂ ‘ਚ ਚੋਣ ਪ੍ਰਚਾਰ ਕੀਤਾ। ਇੱਥੇ ਰੋਡ ਸ਼ੋਅ ਨੂੰ ਸੰਬੋਧਨ ਕਰਦੇ ਹੋਏ ਸੰਜੇ ਸਿੰਘ ਨੇ ਕਿਹਾ ਕਿ ਪੰਜਾਬੀ ਤਾਂ ਕਦੇ ਨਾਦਰ ਸ਼ਾਹ ਅੱਗੇ ਵੀ ਨਹੀਂ ਝੁੱਕੇ। ਅਮਿਤ ਸ਼ਾਹ ਨੂੰ ਗਲਤਫਹਿਮੀ ਹੈ ਕਿ ਉਹ ਪੰਜਾਬ ਸਰਕਾਰ ਨੂੰ ਡੇਗ ਦੇਣਗੇ।
ਸੰਜੇ ਸਿੰਘ ਨੇ ਸੰਬੋਧਨ ਦੌਰਾਨ ਵਿਰੋਧੀ ਸੱਤਾ ਧਿਰ ਭਾਜਪਾ ਨੂੰ ਨਿਸ਼ਾਨਾ ਬਣਾਇਆ। ਸੰਜੇ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਲੁਧਿਆਣਾ ਦੌਰੇ ਦੌਰਾਨ ਬਿਆਨ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਨੇ ਕਿਹਾ ਹੈ ਕਿ ਉਹ 4 ਜੂਨ ਨੂੰ ਪੰਜਾਬ ‘ਚ ‘ਆਪ’ ਦੀ ਸਰਕਾਰ ਦਾ ਤਖ਼ਤਾ ਪਲਟ ਦੇਣਗੇ ਅਤੇ ਭਗਵੰਤ ਮਾਨ ਨੂੰ ਸੀਐਮ ਦੀ ਕੁਰਸੀ ਤੋਂ ਹਟਾ ਦੇਣਗੇ। ਪਲਟਵਾਰ ਕਰਦੇ ਹੋਏ ਸੰਜੇ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਨੂੰ ਤਿੰਨ ਕਰੋੜ ਪੰਜਾਬੀਆਂ ਨੇ ਚੁਣਿਆ ਹੈ। ਅਮਿਤ ਸ਼ਾਹ ਕੋਣ ਹੁੰਦੇ ਹਨ ਪੰਜਾਬ ਦੀ ਸਰਕਾਰ ਡੇਗਣ ਵਾਲੇ। ਪੰਜਾਬ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਪੰਜਾਬੀ ਕਦੇ ਨਾਦਰ ਸ਼ਾਹ ਅੱਗੇ ਵੀ ਨਹੀਂ ਝੁਕੇ। ਸ਼ਾਹ ਨੂੰ ਗਲਤ ਫਹਿਮੀ ਹੈ ਪੰਜਾਬ ‘ਚ ਭਗਵੰਤ ਮਾਨ ਦੀ ਸਰਕਾਰ ਨੂੰ ਡੇਗ ਦੇਣਗੇ।
ਇਸ ਦੇ ਨਾਲ ਹੀ ਦਾਅਵਾ ਕਰਦੇ ਹੋਏ ਸੰਜੇ ਸਿੰਘ ਨੇ ਕਿਹਾ ਕਿ ਕੇਂਦਰ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ ਅਤੇ ਕਿਸਾਨਾਂ ਨੂੰ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਪੂਰੀ ਐਮ.ਐਸ.ਪੀ. ਦਿੱਤੀ ਜਾਵੇਗੀ। ਮੋਦੀ ਸਰਕਾਰ ਨੇ ਦੱਸ ਸਾਲਾਂ ’ਚ ਕੁੱਝ ਵੀ ਨਹੀਂ ਕੀਤਾ ਤੇ ਹੁਣ ਸਿਰਫ ਜਾਤ ਅਤੇ ਧਰਮ ਦੇ ਨਾਂ ‘ਤੇ ਵੋਟਾਂ ਮੰਗ ਰਹੇ ਹਨ। ਮੋਦੀ ਸਰਕਾਰ ਦੀ ਗਾਰੰਟੀ ਝੂਠ ਦੀ ਗਾਰੰਟੀ ਹੈ। ਭਾਜਪਾ ਇਕ ਵੱਖਰੀ ਕਿਸਮ ਦੀ ਚੋਰ ਹੈ। ‘ਝਾੜੂ’ ਉਨ੍ਹਾਂ ਨੂੰ ਅਜਿਹਾ ਸਬਕ ਸਿਖਾਵੇਗਾ ਜੋ ਉਹ ਕਦੇ ਨਹੀਂ ਭੁੱਲਣਗੇ।