ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਦਹਾਕਿਆਂ ਬਾਅਦ ਕੇਂਦਰ ਵਿੱਚ ਪੂਰਨ ਬਹੁਮਤ ਵਾਲੀ ਸਰਕਾਰ ਦਾ ਸਮਾਂ ਆ ਗਿਆ ਹੈ। ਉਨ੍ਹਾਂ ਗੁਰੂ ਰਵਿਦਾਸ ਜੀ ਨੂੰ ਯਾਦ ਕਰਦਿਆਂ ਇਹ ਵੀ ਕਿਹਾ ਕਿ ਗਰੀਬਾਂ ਦੀ ਭਲਾਈ ਉਨ੍ਹਾਂ ਦੀ ਸਰਕਾਰ ਦੀ ਵੱਡੀ ਤਰਜੀਹ ਹੈ ਅਤੇ ਇਸ ਦੇ ਪਿੱਛੇ ਗੁਰੂ ਰਵਿਦਾਸ ਜੀ ਦੀ ਪ੍ਰੇਰਨਾ ਹੈ।
ਦਰਅਸਲ ਸੱਤ ਪੜਾਵਾਂ ਵਾਲੀਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਆਖ਼ਰੀ ਦਿਨ ਪ੍ਰਧਾਨ ਮੰਤਰੀ ਹੁਸ਼ਿਆਰਪੁਰ ਪਹੁੰਚੇ। ਜਿੱਥੇ ਉਨ੍ਹਾਂ ਨੇ ਰਾਮ ਲੀਲਾ ਮੈਦਾਨ ’ਚ ਇੱਕ ਰੈਲ੍ਹੀ ਨੂੰ ਸੰਬੋਧਨ ਕੀਤਾ। ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਦੇਸ਼ ਨੇ ਪਿਛਲੇ 10 ਸਾਲਾਂ ਦੌਰਾਨ ਬੇਮਿਸਾਲ ਵਿਕਾਸ ਦੇਖਿਆ ਹੈ। ਗਰੀਬ ਕਲਿਆਣ ਮੇਰੀ ਸਰਕਾਰ ਦੀ ਵੱਡੀ ਤਰਜੀਹ ਹੈ ਅਤੇ ਇਸ ਦੇ ਪਿੱਛੇ ਗੁਰੂ ਰਵਿਦਾਸ ਜੀ ਦੀ ਪ੍ਰੇਰਨਾ ਹੈ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਥਾਨਕ ਆਦਮਪੁਰ ਹਵਾਈ ਅੱਡੇ ਦਾ ਨਾਂ ਗੁਰੂ ਰਵਿਦਾਸ ਦੇ ਨਾਂ ‘ਤੇ ਰੱਖਿਆ ਜਾਵੇ। ਇਸ ਨੂੰ ਆਪਣੀ ਇਸ ਚੋਣ ਦੀ ਆਖਰੀ ਜਨਤਕ ਮੀਟਿੰਗ ਦੱਸਦਿਆਂ ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਨੂੰ ‘ਛੋਟੀ ਕਾਸ਼ੀ’ ਕਿਹਾ ਜਾਂਦਾ ਹੈ ਅਤੇ ਇਹ ਗੁਰੂ ਰਵਿਦਾਸ ਦੀ ‘ਤਪੋਭੂਮੀ’ ਹੈ। ਇਸ ਦੇ ਨਾਲ ਹੀ ਕਾਂਗਰਸ ਅਤੇ ਇੰਡੀਆ ਗਠਜੋੜ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ (ਵਿਰੋਧੀਆਂ) ਨੇ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗੇ ਅਤੇ ਕਦੇ ਵੀ ਫੌਜ ਦੀ ਪਰਵਾਹ ਨਹੀਂ ਕੀਤੀ ਅਤੇ ਸਰਕਾਰੀ ਖਜ਼ਾਨਾ ਖਾਲੀ ਕੀਤਾ।
ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਕਾਂਗਰਸ ਨੇ ਭ੍ਰਿਸ਼ਟਾਚਾਰ ਵਿੱਚ ਦੋਹਰੀ ਪੀਐਚਡੀ ਕੀਤੀ ਹੈ। ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ‘ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਇਸ ਨੇ ਉਦਯੋਗ ਅਤੇ ਖੇਤੀ ਨੂੰ ਬਰਬਾਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਭਾਰਤੀ ਵਿਕਸਤ ਭਾਰਤ ਦੇ ਸੁਪਨੇ ਨਾਲ ਜੁੜਿਆ ਹੋਇਆ ਹੈ ਅਤੇ ਸਾਨੂੰ ਆਸ਼ੀਰਵਾਦ ਦੇ ਰਿਹਾ ਹੈ।