ਜੰਮੂ ਦੇ ਰਾਜੌਰੀ ਰੋਡ ‘ਤੇ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ ਜਦੋਂ ਅਖਨੂਰ ਵਿੱਚ ਇੱਕ ਬੱਸ ਖਾਈ ਵਿੱਚ ਡਿੱਗ ਗਈ। ਹਾਦਸੇ ਦੌਰਾਨ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 69 ਲੋਕ ਜ਼ਖ਼ਮੀ ਹੋਏ ਹਨ। ਫਿਲਹਾਲ ਜ਼ਖ਼ਮੀਆਂ ਨੂੰ ਇਲਾਜ਼ ਲਈ ਜੰਮੂ ਮੈਡੀਕਲ ਕਾਲਜ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ ਵੱਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਕਿਉਂਕਿ ਜ਼ਖ਼ਮੀਆਂ ’ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਅਧਿਕਾਰੀਆਂ ਮੁਤਾਬਕ ਹਾਦਸਾ ਜ਼ਿਲੇ ਦੇ ਚੌਂਕੀ ਚੌਰਾ ਇਲਾਕੇ ਦੇ ਤੰਗਲੀ ਮੋੜ ‘ਤੇ ਵਾਪਰਿਆ। ਜਿੱਥੇ ਬੱਸ ਕਰੀਬ 150 ਫੁੱਟ ਹੇਠਾਂ ਖਾਈ ਵਿੱਚ ਜਾ ਡਿੱਗੀ। ਇਹ ਬੱਸ ਹਰਿਆਣਾ ਦੇ ਕੁਰੂਕਸ਼ੇਤਰ ਇਲਾਕੇ ਤੋਂ ਸ਼ਰਧਾਲੂਆਂ ਨੂੰ ਲੈ ਕੇ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਸ਼ਿਵ ਖੋਰੀ ਇਲਾਕੇ ਵੱਲ ਜਾ ਰਹੀ ਸੀ। ਸਪੱਸ਼ਟ ਹੈ ਕਿ ਬੱਸ ਵਿੱਚ ਸਮਰੱਥਾ ਤੋਂ ਵੱਧ ਸਵਾਰੀਆਂ ਸੀ ਅਤੇ ਓਵਰਲੋਡਿੰਗ ਹੋਣ ਕਾਰਨ ਬੱਸ ਅਸੰਤੁਲਿਤ ਹੋ ਗਈ ਅਤੇ ਹਾਦਸੇ ਦਾ ਕਾਰਨ ਬਣੀ। ਦੂਜੇ ਪਾਸੇ ਟਰਾਂਸਪੋਰਟ ਕਮਿਸ਼ਨਰ ਰਜਿੰਦਰ ਸਿੰਘ ਤਾਰਾ ਦਾ ਕਹਿਣਾ ਹੈ ਕਿ ਹਾਦਸੇ ਵਾਲੇ ਇਸ ਜਗ੍ਹਾਂ ’ਤੇ ਮੌੜ ਬਹੁਤ ਸਾਧਾਰਨ ਹੈ, ਸ਼ਾਇਦ ਡਰਾਈਵਰ ਸੌਂ ਗਿਆ ਹੋਵੇ ਅਤੇ ਬੱਸ ਮੋੜਨ ਦੀ ਬਜਾਏ ਸਿੱਧੀ ਗਈ ਅਤੇ ਹੇਠਾਂ ਜਾ ਡਿੱਗੀ।