ਬੀਜਾਪੁਰ- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ‘ਚ ਸੁਰੱਖਿਆ ਫ਼ੋਰਸਾਂ ਨੇ ਸ਼ੁੱਕਰਵਾਰ ਨੂੰ ਨਕਸਲੀਆਂ ਵਲੋਂ ਲਗਾਏ ਗਏ ਇਕ ਸ਼ਕਤੀਸ਼ਾਲੀ ਵਿਸਫੋਟਕ ਉਪਕਰਣ (ਆਈਈਡੀ) ਨੂੰ ਬਰਾਮਦ ਕਰ ਕੇ ਉਸ ਨੂੰ ਨਕਾਰਾ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ 45 ਕਿਲੋਗ੍ਰਾਮ ਭਾਰ ਦਾ ਇਹ ਵਿਸਫੋਟਕ ਉਪਕਰਣ ਇੰਨਾ ਸ਼ਕਤੀਸ਼ਾਲੀ ਸੀ ਕਿ ਇਹ ਇਕ ਮਿੰਨੀ ਟਰੱਕ ਨੂੰ ਉਡਾ ਸਕਦਾ ਸੀ ਅਤੇ 15 ਫੁੱਟ ਡੂੰਘਾ ਟੋਇਆ ਵੀ ਕਰ ਸਕਦਾ ਸੀ।
ਇਕ ਅਧਿਕਾਰੀ ਨੇ ਦੱਸਿਆ ਕਿ ਚੇਰਪਾਲ-ਪਾਲਨਾਰ ਸੜਕ ਦੇ ਹੇਠਾਂ ਲਗਾਏ ਗਏ ਆਈਈਡੀ ਦਾ ਪਤਾ ਸਵੇਰੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀਆਰਪੀਐੱਫ) ਦੀ 222ਵੀਂ ਬਟਾਲੀਅਨ ਦੀ ਇਕ ਟੀਮ ਨੇ ਲਗਾਇਆ। ਪੁਲਸ ਅਧਿਕਾਰੀ ਨੇ ਦੱਸਿਆ,”ਆਈਈਡੀ ‘ਚ ‘ਕਮਾਂਡ ਸਵਿਚ ਮੈਕੇਨਿਜ਼ਮ’ ਸੀ, ਜੋ ਨਕਸਲੀਆਂ ਵਲੋਂ ਇਸਤੇਮਾਲ ਕੀਤੀ ਜਾਣ ਵਾਲੀ ਇਕ ਆਮ ਤਕਨੀਕ ਹੈ। ਇਸ ਨੂੰ ਇਲਾਕੇ ‘ਚ ਸੁਰੱਖਿਆ ਫ਼ੋਰਸਾਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਉਣ ਲਈ ਲਗਾਇਆ ਗਿਆ ਸੀ।” ਉਨ੍ਹਾਂ ਦੱਸਿਆ ਕਿ ਬੰਬ ਵਿਰੋਧੀ ਦਸਤੇ ਨੇ ਵਿਸਫ਼ੋਟਕ ਉਪਕਰਣ ਨੂੰ ਨਕਾਰਾ ਕਰ ਦਿੱਤਾ ਹੈ।